ਬਰੈਂਪਟਨ ਵਿਚ ਬੇਘਰ ਨੌਜਵਾਨਾਂ ਲਈ ਐੱਮ. ਪੀ. ਰੂਬੀ ਸਹੋਤਾ ਨੇ ਕੀਤੀ ਗੋਲ ਮੇਜ਼ ਮੀਟਿੰਗ

01/17/2017 3:13:36 PM

ਬਰੈਂਪਟਨ— ਬਰੈਂਪਟਨ ਉੱਤਰੀ ਤੋਂ ਐੱਮ. ਪੀ. ਰੂਬੀ ਸਹੋਤਾ ਵੱਲੋਂ ਗੋਲ ਮੇਜ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ ਬਰੈਂਪਟਨ ਵਿਚ ਬੇਘਰ ਨੌਜਵਾਨਾਂ ਤੇ ਯੂਥ ਮੈਂਟਲ ਹੈਲਥ ਚੁਣੌਤੀਆਂ ਦੇ ਸੰਬੰਧ ਵਿਚ ਕੀਤੀ ਗਈ। ਇਸ ਮੀਟਿੰਗ ਵਿਚ ਬਰੈਂਪਟਨ ਵਿਚ ਬੇਘਰ ਨੌਜਵਾਨਾਂ ਅਤੇ ਯੂਥ ਮੈਂਟਲ ਹੈਲਥ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਰਕਾਰ ਅਤੇ ਗੈਰ ਮੁਨਾਫੇ ਵਾਲੀਆਂ ਸੰਸਥਾਵਾਂ ਕੀ ਕਰ ਰਹੀਆਂ ਹਨ, ਇਸ ''ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਇਹ ਪਤਾ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿ ਇਹੋ ਜਿਹੇ ਅਹਿਮ ਮੁੱਦਿਆਂ ''ਤੇ ਸੰਘੀ ਸਰਕਾਰ ਕਿਵੇਂ ਸਹਿਯੋਗ ਕਰ ਸਕਦੀ ਹੈ।
ਬਰੈਂਪਟਨ ਦੇ ਹੋਰਨਾਂ ਅੱੈਮ. ਪੀ. ਆਫਿਸਿਜ਼ ਦੇ ਨੁਮਾਇੰਦਿਆਂ ਤੋਂ ਇਲਾਵਾ ਬਰੈਂਪਟਨ ਸਾਊਥ ਤੋਂ ਐੱਮ. ਪੀ. ਸੋਨੀਆ ਸਿੱਧੂ ਵੀ ਇਸ ਮੌਕੇ ਹਾਜ਼ਰ ਸਨ। ਇਨ੍ਹਾਂ ਦੇ ਨਾਲ ਵ੍ਹਿਟਬੀ ਤੋਂ ਐਮ. ਪੀ. ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਾਰਲੀਮਾਨੀ ਸਕੱਤਰ ਸੈਲੀਨਾ ਸੀਜ਼ਰ-ਚੈਵੈਨਜ਼ ਵੀ ਇੱਥੇ ਹਾਜ਼ਰ ਸਨ। ਸੈਲੀਨਾ ਨੂੰ ਯੂਥ ਮੈਂਟਲ ਹੈਲਥ ਚੁਣੌਤੀਆਂ ਨਾਲ ਜੂਝਣ ਵਾਲਿਆਂ ਦੀ ਪੈਰਵੀ ਕਰਨ ਵਾਲਾ ਮੰਨਿਆ ਜਾਂਦਾ ਹੈ। ਬਰੈਂਪਟਨ ਸਿਟੀ ਕੌਂਸਲ ਦੇ ਨੁਮਾਇੰਦੇ ਵੀ ਉੱਥੇ ਹਾਜ਼ਰ ਸਨ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਰੈਂਪਟਨ ਦੇ ਕਾਰਜਕਾਰੀ ਮੇਅਰ ਕੌਂਸਲਰ ਮਾਰਟਿਨ ਮੇਡੇਰੌਸ, ਪੀਲ ਰੀਜਨ, ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ, ਵਿਲੀਅਮ ਓਸਲਰ ਹੌਸਪਿਟਲ ਬਰੈਂਪਟਨ, ਯੂਨਾਈਟਿਡ ਵੇਅ ਆਫ ਪੀਲ ਰੀਜਨ ਤੇ ਪੀਲ ਰੀਜਨਲ ਪੁਲਸ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਐਮ. ਪੀ. ਰੂਬੀ ਸਹੋਤਾ ਨੇ ਕਿਹਾ ਕਿ ਇਸ ਮੀਟਿੰਗ ਦਾ ਮਕਸਦ ਅਜਿਹੀਆਂ ਸਮੱਸਿਆਵਾਂ ਨਾਲ ਜੂਝ ਰਹੇ ਨੌਜਵਾਨਾਂ ਲਈ ਅਜਿਹੀਆਂ ਜਥੇਬੰਦੀਆਂ ਵਲੋਂ ਕੁਝ ਨਾ ਕੁਝ ਕੀਤੇ ਜਾਣ ਲਈ ਗੈਰ-ਮੁਨਾਫੇ ਵਾਲੀਆਂ ਸੰਸਥਾਵਾਂ ਨੂੰ ਮੌਕਾ ਦੇਣਾ ਹੈ। ਸਹੋਤਾ ਨੇ ਇਹ ਵੀ ਆਖਿਆ ਕਿ ਸਰਕਾਰ ਦੇ ਸਾਰੇ ਪੱਧਰਾਂ ਲਈ ਇਹ ਜ਼ਰੂਰੀ ਹੈ ਕਿ ਉਹ ਜਾਨਣ ਕਿ ਅਜਿਹੀਆਂ ਸੰਸਥਾਵਾਂ ਨੂੰ ਇਸ ਸਮੇਂ ਕਿਹੋ ਜਿਹਾ ਸਹਿਯੋਗ ਹਾਸਲ ਹੋ ਰਿਹਾ ਹੈ।  

Kulvinder Mahi

This news is News Editor Kulvinder Mahi