ਰੋਮ ''ਚ ਲਗਾਈਆਂ ਗਈਆਂ 3 ਮਿੰਟ ''ਚ ਪੀਜ਼ਾ ਤਿਆਰ ਕਰਨ ਵਾਲੀਆਂ ਮਸ਼ੀਨਾਂ

06/16/2021 4:33:13 PM

ਰੋਮ(ਦਲਵੀਰ ਕੈਂਥ)- ਤਕਨਾਲੌਜੀ ਰਾਹੀਂ ਆਮ ਲੋਕਾਂ ਨੂੰ ਚੰਗੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਵਿਗਿਆਨ ਨੇ ਤਕਨਾਲੌਜੀ ਦੇ ਇਸ ਯੁੱਗ ਵਿਚ ਅਜਿਹੀਆਂ ਮਸ਼ੀਨਾਂ ਵੀ ਬਣਾ ਦਿੱਤੀਆਂ ਹਨ, ਜੋ ਕਿ ਇਨਸਾਨ ਦੇ ਕੰਮ ਆਸਾਨ ਕਰ ਰਹੀਆਂ ਹਨ। ਇਟਲੀ ਦੀ ਰਾਜਧਾਨੀ ਰੋਮ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪਹਿਲੀ ਵਾਰ ਅਜਿਹੀਆਂ ਹੀ ਤਿੰਨ ਪੀਜ਼ਾ ਬਣਾਉਣ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਜਿਸ ਨਾਲ ਪੀਜ਼ਾ ਖਾਣ ਦੇ ਸ਼ੌਕੀਨਾਂ ਨੂੰ 24 ਘੰਟੇ ਤਾਜ਼ਾ ਪੀਜ਼ਾ ਮਿਲਣ ਦੀ ਸੁਵਿਧਾ ਮਿਲ ਰਹੀ ਹੈ।

ਇਹ ਪੀਜ਼ਾ ਬਣਾਉਣ ਵਾਲੀ ਮਸ਼ੀਨ 2 ਤੋਂ 3 ਮਿੰਟ ਵਿਚ ਪੀਜ਼ਾ ਤਿਆਰ ਕਰ ਲੈਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਪੀਜ਼ਾ ਪਕਾਉਣ ਵਾਲਾ ਕੋਈ ਨਹੀਂ ਹੈ। ਇਹ ਸਭ ਕੁਝ ਮਸ਼ੀਨਾਂ ਦੁਆਰਾ ਕੀਤਾ ਜਾਂਦਾ ਹੈ। ਪੀਜ਼ਾ ਬਣਾਉਣ ਲਈ ਸਮੱਗਰੀ ਦੀ ਤਿਆਰੀ ਤੋਂ ਲੈ ਕੇ ਇਕ 160 ਗ੍ਰਾਮ ਬਲਾਕ ਪ੍ਰਾਪਤ ਕਰਨ ਲਈ ਆਟੇ ਨੂੰ ਮਿਲਾਉਣਾ ਤੱਕ ਇਸ ਮਸ਼ੀਨ ਦੁਆਰਾ ਤਿਆਰ ਕੀਤਾ ਜਾਂਦਾ ਹੈ ਅਤੇ ਅੰਤ ਵਿਚ ਪੀਜ਼ੇ ਨੂੰ ਗੱਤੇ ਦੇ ਡੱਬੇ ਵਿਚ ਪਰੋਸਿਆ ਜਾਂਦਾ ਹੈ। ਇੱਥੇ 4 ਤਰ੍ਹਾਂ ਦੇ ਪੀਜ਼ਾ ਤਿਆਰ ਕੀਤੇ ਜਾਂਦੇ ਹਨ, ਜਿਸ ਦੀ ਕੀਮਤ 4.50 ਯੂਰੋ ਤੋਂ ਲੈ ਕੇ 6 ਯੂਰੋ ਤੱਕ ਹੈ। ਜਿਵੇਂ ਹੀ ਗ੍ਰਾਹਕ ਵੱਲੋਂ ਮਸ਼ੀਨ ਵਿਚ ਯੂਰੋ ਪਾ ਦਿੱਤੇ ਜਾਂਦੇ ਹਨ, ਇਹ ਮਸ਼ੀਨ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। 24 ਘੰਟਿਆਂ ਦੀ ਸੁਵਿਧਾ ਦੇਣ ਵਾਲੀ ਮਸ਼ੀਨ ਦੇ ਇਸ ਕੰਮ ਤੋਂ ਆਮ ਲੋਕ ਬਹੁਤ ਖੁਸ਼ ਹਨ। ਇਹ ਮਸ਼ੀਨ ਪੀਜ਼ਾ ਦੇ ਉਹਨਾਂ ਸ਼ੌਕੀਨਾਂ ਲਈ ਹੈ ਜਿਹੜੇ ਕਿ ਹਰ ਵਕਤ ਪੀਜ਼ਾ ਖਾਣ ਨੂੰ ਹੀ ਤਰਜੀਹ ਦਿੰਦੇ ਹਨ।

ਆਮ ਤੌਰ 'ਤੇ ਪੀਜ਼ਾ ਹੱਟ ਉੱਤੇ ਪੀਜ਼ਾ ਮਿਲਣ ਦਾ ਇਕ ਸਮਾਂ ਨਿਸ਼ਚਿਤ ਕੀਤਾ ਹੁੰਦਾ ਹੈ ਪਰ ਇਸ ਮਸ਼ੀਨ ਨੇ ਪੀਜ਼ਾ ਖਾਣ ਦੇ ਸ਼ੌਕੀਨਾਂ ਲਈ ਰੋਮ ਦੀ ਧਰਤੀ 'ਤੇ 24 ਘੰਟੇ ਤਾਜ਼ਾ ਪੀਜ਼ਾ ਮੁਹੱਈਆ ਕਰਵਾ ਕੇ ਇਕ ਵਿਲੱਖਣ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਇਹਨਾਂ ਮਸ਼ੀਨਾਂ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਪੀਜ਼ਾ ਸਸਤਾ ਤੇ ਜਲਦੀ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਉੱਥੇ ਹੀ ਇਸ ਨੇ ਕਾਮਿਆਂ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਕਿਉਂਕਿ ਜੇ ਮਸ਼ੀਨਾਂ ਦੀ ਕਾਮਯਾਬੀ ਦੀ ਚਰਚਾ ਇਸੇ ਤਰ੍ਹਾਂ ਰਹੀ ਤਾਂ ਆਉਣ ਵਾਲੇ ਸਮੇਂ ਵਿਚ ਕਾਮਿਆਂ ਦੇ ਕੰਮਾਂ 'ਤੇ ਹੋਰ ਅਸਰ ਪੈ ਸਕਦਾ ਹੈ।

cherry

This news is Content Editor cherry