ਰੋਹਿੰਗਿਆ ਹਿੰਸਾ ਲਈ ਮਿਆਂਮਾਰ ਦੀ ਫੌਜ ਜ਼ਿੰਮੇਵਾਰ : ਸੰਯੁਕਤ ਰਾਸ਼ਟਰ

08/27/2018 6:20:31 PM

ਸੰਯੁਕਤ ਰਾਸ਼ਟਰ (ਭਾਸ਼ਾ)— ਸੰਯੁਕਤ ਰਾਸ਼ਟਰ ਨੇ ਕਿਹਾ ਕਿ ਮਿਆਂਮਾਰ ਵਿਚ ਰੋਹਿੰਗਿਆ ਮੁਸਲਮਾਨਾਂ ਖਿਲਾਫ ਹਿੰਸਾ ਲਈ ਉੱਥੋਂ ਦੀ ਫੌਜ ਜ਼ਿੰਮੇਵਾਰ ਹੈ ਅਤੇ ਇਸ ਲਈ ਫੌਜ ਦੇ ਅਧਿਕਾਰੀਆਂ ਵਿਰੁੱਧ ਮੁਕੱਦਮਾ ਚਲਾਇਆ ਚਾਹੀਦਾ ਹੈ। ਸੰਯੁਕਤ ਰਾਸ਼ਟਰ ਦੇ ਜਾਂਚਕਰਤਾਵਾਂ ਨੇ ਰੋਹਿੰਗਿਆ ਖਿਲਾਫ ਹੋਈ ਹਿੰਸਾ ਲਈ ਉੱਥੋਂ ਦੇ ਫੌਜ ਮੁਖੀ ਅਤੇ 5 ਜਨਰਲਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਅਤੇ ਕਿਹਾ ਕਿ ਇਸ ਗੰਭੀਰ ਅਪਰਾਧ ਲਈ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਦੀ ਜਾਂਚ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਿਆਂਮਾਰ ਦੀ ਸਟੇਟ ਕੌਂਸਲਰ ਆਂਗ ਸਾਨ ਸੂ ਕੀ ਨੇ ਘੱਟ ਗਿਣਤੀ ਖਿਲਾਫ ਨਫਰਤ ਫੈਲਾਉਣ ਵਾਲੇ ਭਾਸ਼ਣਾਂ ਦੀ ਆਗਿਆ ਦਿੱਤੀ ਅਤੇ ਰਖਾਇਣ ਸੂਬੇ 'ਚ ਹਿੰਸਾ ਦੌਰਾਨ ਘੱਟ ਗਿਣਤੀ ਦੀ ਰੱਖਿਆ ਕਰਨ 'ਚ ਅਸਫਲ ਰਹੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫੌਜ ਦੀ ਕਾਰਵਾਈ ਵਿਚ ਪਿੰਡਾਂ ਨੂੰ ਅੱਗ ਲਾ ਦਿੱਤੀ ਗਈ। ਰੋਹਿੰਗਿਆ ਖਿਲਾਫ ਹਿੰਸਾ ਕੌਮਾਂਤਰੀ ਕਾਨੂੰਨ ਦਾ ਉਲੰਘਣ ਹੈ। ਸੰਯੁਕਤ ਰਾਸ਼ਟਰ ਦੀ 20 ਪੰਨਿਆਂ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਰੋਹਿੰਗਿਆ ਕਤਲੇਆਮ ਲਈ ਮਿਆਂਮਾਰ ਦੀ ਫੌਜ ਵਿਰੁੱਧ ਉੱਚਿਤ ਸਬੂਤ ਹਨ ਅਤੇ ਫੌਜ ਦੇ ਸੀਨੀਅਰ ਅਧਿਕਾਰੀਆਂ ਖਿਲਾਫ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਮਿਆਂਮਾਰ ਵਿਚ ਰੋਹਿੰਗਿਆ ਖਿਲਾਫ ਹਿੰਸਾ ਕਾਰਨ 7 ਲੱਖ ਲੋਕ ਜਾਨ ਬਚਾ ਕੇ ਬੰਗਲਾਦੇਸ਼ ਦੌੜ ਗਏ, ਜਿੱਥੇ ਉਹ ਸ਼ਰਨਾਰਥੀ ਕੈਂਪਾਂ 'ਚ ਰਹਿ ਰਹੇ ਹਨ।