''ਮਿਆਂਮਾਰ ''ਚ ਰੋਹਿੰਗਿਆ ਦੀ ਵਾਪਸੀ ਲਈ ਹਾਲਾਤ ਅਨੁਕੂਲ ਨਹੀਂ''

04/08/2018 3:50:54 PM

ਯਾਂਗੂਨ (ਭਾਸ਼ਾ)— ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਮਿਆਂਮਾਰ ਦੇ ਸੰਕਟ ਗ੍ਰਸਤ ਰਖਾਇਨ ਸੂਬੇ ਵਿਚ ਬੰਗਲਾਦੇਸ਼ ਤੋਂ ਰੋਹਿੰਗਿਆ ਦੀ ਵਾਪਸੀ ਲਈ ਹਾਲਾਤ ਅਨੁਕੂਲ ਨਹੀਂ ਹਨ। ਹਾਲਾਂਕਿ ਮਿਆਂਮਾਰ ਦਾ ਕਹਿਣਾ ਹੈ ਕਿ ਉਹ ਰੋਹਿੰਗਿਆ ਦੀ ਵਾਪਸੀ ਲਈ ਤਿਆਰ ਹੈ। ਫੌਜ ਦੀ ਖੂਨੀ ਕਾਰਵਾਈ ਤੋਂ ਬਚਣ ਲਈ ਬੀਤੇ ਸਾਲ ਅਗਸਤ ਮਹੀਨੇ ਤੋਂ ਤਕਰੀਬਨ 7 ਲੱਖ ਰੋਹਿੰਗਿਆ ਮੁਸਲਮਾਨ ਦੌੜ ਕੇ ਸਰਹੱਦ ਪਾਰ ਜਾ ਚੁੱਕੇ ਹਨ। ਰੋਹਿੰਗਿਆ ਸ਼ਰਨਾਰਥੀਆਂ ਨੇ ਮਿਆਂਮਾਰ ਅਤੇ ਉਸ ਦੇ ਹਥਿਆਰਬੰਦ ਫੋਰਸਾਂ 'ਤੇ ਹੱਤਿਆ ਅਤੇ ਬਲਾਤਕਾਰ ਦਾ ਦੋਸ਼ ਲਾਇਆ ਹੈ। ਫੌਜ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਦੀ ਮੁਹਿੰਮ ਰੋਹਿੰਗਿਆ ਅੱਤਵਾਦੀਆਂ ਦੇ 25 ਅਗਸਤ 2017 ਦੇ ਹਮਲੇ ਦੇ ਜਵਾਬੀ ਕਾਰਵਾਈ ਸੀ।
ਮਿਆਂਮਾਰ ਅਤੇ ਬੰਗਲਾਦੇਸ਼ ਨੇ ਨਵੰਬਰ ਮਹੀਨੇ 'ਚ ਹਵਾਲਗੀ ਕਰਾਰ ਦਿੱਤਾ ਸੀ ਪਰ ਇਕ ਵੀ ਸ਼ਰਨਾਰਥੀ ਨਹੀਂ ਪਰਤਿਆ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਤਾਲਮੇਲ ਦਫਤਰ ਦੀ ਜਨਰਲ ਸਕੱਤਰ ਉਰਸੂਲਾ ਮਯੂਲਰ ਨੇ ਕਿਹਾ, ''ਫਿਲਹਾਲ ਹਾਲਾਤ ਟਿਕਾਊ ਵਾਪਸੀ ਲਈ ਅਨੁਕੂਲ ਨਹੀਂ ਹਨ। 6 ਦਿਨ ਦੀ ਮਿਆਂਮਾਰ ਦੀ ਯਾਤਰਾ 'ਤੇ ਆਈ ਮਯੂਲਰ ਨੇ ਕਿਹਾ ਕਿ ਮਿਆਂਮਾਰ ਵਿਚ ਘੁੰਮਣ-ਫਿਰਨ ਦੀ ਆਜ਼ਾਦੀ, ਸਮਾਜਿਕ ਸਦਭਾਵਨਾ, ਰੋਜ਼ੀ-ਰੋਟੀ ਅਤੇ ਸੇਵਾਵਾਂ ਤੱਕ ਪਹੁੰਚ ਦੇ ਅਹਿਮ ਮੁੱਦਿਆਂ ਨੂੰ ਹੱਲ ਕਰਨ ਦੀ ਲੋੜ ਹੈ।