ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਹੋਏ ਰਾਕਟ ਹਮਲੇ

08/21/2018 1:23:26 PM

ਕਾਬੁਲ(ਭਾਸ਼ਾ)— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਅੱਜ ਭਾਵ ਮੰਗਲਵਾਰ ਨੂੰ ਕਈ ਰਾਕਟਾਂ ਨਾਲ ਹਮਲੇ ਕੀਤੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਥੇ ਕੁੱਲ 9 ਰਾਕਟ ਡਿਗੇ ਹਨ ਅਤੇ ਸ਼ਾਇਦ ਇਨ੍ਹਾਂ ਦੀ ਗਿਣਤੀ ਵੱਧ ਵੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਖਬਰ ਮਿਲੀ ਸੀ ਕਿ ਕਾਬੁਲ 'ਚ ਕਈ ਧਮਾਕੇ ਹੋਏ ਹਨ ਅਤੇ ਹੁਣ ਪੁਸ਼ਟੀ ਕੀਤੀ ਗਈ ਕਿ ਇਹ ਰਾਕਟ ਹਮਲਾ ਸੀ। ਪੁਰਾਣੇ ਸ਼ਹਿਰ 'ਚ ਸੁਰੱਖਿਆ ਫੌਜ ਅਤੇ ਅੱਤਵਾਦੀਆਂ ਵਿਚਕਾਰ ਝੜਪ ਸ਼ੁਰੂ ਹੋ ਚੁੱਕੀ ਹੈ। ਅਜੇ ਤਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਮਿਲ ਸਕੀ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਕਾਬੁਲ ਦੇ ਬਾਹਰਲੇ ਇਲਾਕਿਆਂ 'ਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਸਨ ਅਤੇ ਇਸ ਨਾਲ ਹਫੜਾ-ਦਫੜੀ ਮਚ ਗਈ।


ਜ਼ਿਕਰਯੋਗ ਹੈ ਕਿ ਅਫਗਾਨਿਸਤਾਨ 'ਚ ਕਿਰਿਆਸ਼ੀਲ ਅੱਤਵਾਦੀਆਂ ਨੇ ਸੋਮਵਾਰ ਨੂੰ ਅਫਗਾਨ ਸਰਕਾਰ ਦੀ ਜੰਗਬੰਦੀ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਸੀ। ਤਾਲਿਬਾਨ ਨੇ ਕਿਹਾ ਕਿ ਉਹ ਸਰਕਾਰ ਅਤੇ ਵਿਦੇਸ਼ੀ ਫੌਜ ਦੇ ਖਿਲਾਫ ਹਮਲੇ ਜਾਰੀ ਰੱਖਣਗੇ। 
ਅਧਿਕਾਰੀਆਂ ਨੇ ਦੱਸਿਆ ਕਿ ਰੇਕਾ ਖਾਨਾ ਜ਼ਿਲੇ 'ਚ ਈਦਗਾਹ ਮਸਜਿਦ ਉੱਪਰ ਹੈਲੀਕਾਪਟਰ ਅਤੇ ਧੂੰਆਂ ਦੇਖਿਆ ਗਿਆ। ਉੱਥੇ ਹੀ ਕਾਬੁਲ ਸਟੇਡੀਅਮ ਦੇ ਨੇੜੇ ਵੱਡੀ ਗਿਣਤੀ 'ਚ ਸੁਰੱਖਿਆ ਫੌਜ ਤਾਇਨਾਤ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਜੀਬ ਦਾਨਿਸ਼ ਨੇ ਦੱਸਿਆ,''ਅੱਜ ਸਵੇਰੇ ਅੱਤਵਾਦੀਆਂ ਦੇ ਇਕ ਸਮੂਹ ਨੇ ਰੇਕਾ ਖਾਨਾ 'ਚ ਇਕ ਇਮਾਰਤ 'ਤੇ ਕਬਜ਼ਾ ਕਰ ਲਿਆ ਅਤੇ ਕਾਬੁਲ ਵੱਲ ਕਈ ਰਾਕਟ ਦਾਗੇ ਗਏ। ਸੁਰੱਖਿਆ ਬਲ ਅੱਤਵਾਦੀਆਂ ਨਾਲ ਮੁਕਾਬਲਾ ਕਰ ਰਹੇ ਹਨ।