ਬੱਚਿਆਂ ਨੂੰ ਮਿੱਟੀ ਤੋਂ ਬਚਾਉਣ ਲਈ ਵਿਗਿਆਨੀਆਂ ਨੇ ਤਿਆਰ ਕੀਤਾ ''ਰੋਬਟ ਬੇਬੀ''
Monday, Jan 15, 2018 - 06:58 PM (IST)

ਵਾਸ਼ਿੰਗਟਨ— ਅੱਜ ਦੇ ਤਕਨਾਲੋਜੀ ਭਰੇ ਯੁੱਗ 'ਚ ਵਿਗਿਆਨੀਆਂ ਵਲੋਂ ਕਈ ਕਾਂਢਾਂ ਕੱਢੀਆਂ ਜਾ ਰਹੀਆਂ ਹਨ, ਜਿਸ ਕਾਰਨ ਮਨੁੱਖ ਦਾ ਜੀਵਨ ਹੋਰ ਸੌਖਾਲਾ ਹੋ ਗਿਆ ਹੈ। ਵਿਗਿਆਨੀਆਂ ਨੇ ਹੁਣ ਇਕ ਅਜਿਹਾ ਰੇਂਗਨ ਵਾਲਾ ਰੋਬਟ ਬੇਬੀ ਵਿਕਸਿਤ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜੋ ਕਿ ਇਹ ਦੱਸੇਗਾ ਕਿ ਬੱਚਿਆਂ ਦਾ ਫਰਸ਼ 'ਤੇ ਰੇਂਗਨਾ ਉਨ੍ਹਾਂ ਲਈ ਕਿੰਨਾ ਕੁ ਸਹੀ ਹੈ। ਬੱਚੇ ਜਨਮ ਦੇ ਇਕ ਸਾਲ ਦਰਮਿਆਨ ਹੀ ਫਰਸ਼ 'ਤੇ ਰੇਂਗਨ ਲੱਗਦੇ ਹਨ। ਅਜਿਹੇ ਵਿਚ ਫਰਸ਼ 'ਤੇ ਮੌਜੂਦ ਬਹੁਤ ਸਾਰੇ ਧੂੜ-ਮਿੱਟੀ ਦੇ ਕਣ ਅਤੇ ਕੀਟਾਣੂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਬੱਚਿਆਂ ਨੂੰ ਇਨ੍ਹਾਂ ਤੋਂ ਬਚਾਉਣ ਲਈ ਵਿਗਿਆਨੀਆਂ ਨੇ ਇਹ ਰੋਬਟ ਬੇਬੀ ਵਿਕਸਿਤ ਕੀਤਾ ਹੈ।
ਸ਼ੋਧਕਰਤਾਵਾਂ ਦਾ ਕਹਿਣਾ ਹੈ ਕਿ ਫਰਸ਼ 'ਤੇ ਰੇਂਗਨ ਦੌਰਾਨ ਬੱਚੇ ਕਈ ਵਾਰ ਘਸੀਟਦੇ ਹੋਏ ਅੱਗੇ ਵਧਦੇ ਹਨ। ਇਸ ਦੌਰਾਨ ਫਰਸ਼ 'ਤੇ ਧੂੜ, ਬੈਕਟਰੀਆ ਵਧ ਮਾਤਰਾ ਵਿਚ ਮੌਜੂਦ ਹੁੰਦੇ ਹਨ। ਇਨ੍ਹਾਂ ਨੂੰ ਬੱਚੇ ਸਾਹ ਜ਼ਰੀਏ ਸਰੀਰ ਦੇ ਅੰਦਰ ਲੈਂਦੇ ਹਨ, ਇਸ ਤੋਂ ਇਲਾਵਾ ਉਨ੍ਹਾਂ ਦੇ ਸਰੀਰ ਦੇ ਅੰਗ ਵੀ ਦੂਸ਼ਿਤ ਚੀਜ਼ਾਂ ਦੇ ਸੰਪਰਕ ਵਿਚ ਆਉਂਦੇ ਹਨ। ਬੱਚਿਆਂ ਨੂੰ ਇਨ੍ਹਾਂ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਲਈ ਅਮਰੀਕਾ ਸਥਿਤ ਪਰਡੂ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਰੋਬਟ ਬੇਬੀ ਨੂੰ ਬਣਾਇਆ ਹੈ।
ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਬਰੈਂਡਨ ਬੋਰ ਮੁਤਾਬਕ ਅਜਿਹੇ ਕਈ ਅਧਿਐਨ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਫਰਸ਼ ਅਤੇ ਕਾਰਪੇਟ 'ਤੇ ਮੌਜੂਦ ਧੂੜ ਦੇ ਕਣ ਅਸਥਮਾ ਅਤੇ ਐਲਰਜੀ ਫੈਲਾਉਣ ਦਾ ਕੰਮ ਕਰਦੇ ਹਨ। ਬਤੌਰ ਬਰੈਂਡਨ ਨੇ ਕਿਹਾ ਕਿ ਅਸੀਂ ਜੋ ਰੋਬਟ ਤਿਆਰ ਕੀਤਾ ਹੈ, ਉਹ ਸਕਿੰਟਾਂ ਦੇ ਹਿਸਾਬ ਨਾਲ ਇਹ ਦੱਸਣ ਵਿਚ ਮਦਦ ਕਰੇਗਾ ਕਿ ਬੱਚਾ ਜਿਸ ਫਰਸ਼ 'ਤੇ ਰੇਂਗ ਰਿਹਾ ਹੈ, ਉਹ ਕਿੰਨਾ ਸਾਫ ਜਾਂ ਕਿੰਨਾ ਗੰਦਾ ਹੈ। ਰੋਬਟ ਨੂੰ ਬਾਇਓਲਾਜੀਕਲ ਮੈਟੀਰੀਅਲ ਨਾਲ ਤਿਆਰ ਕੀਤਾ ਗਿਆ ਹੈ, ਤਾਂ ਕਿ ਦੂਸ਼ਿਤ ਕਣਾਂ ਦੇ ਬੱਚੇ 'ਤੇ ਪੈਣ ਵਾਲੇ ਪ੍ਰਭਾਵ ਨੂੰ ਜਾਣ ਸਕੀਏ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਰੋਬਟ ਬੇਬੀ ਤੁਹਾਡੇ ਬੱਚੇ ਨੂੰ ਧੂੜ ਦੇ ਕਣਾਂ ਤੋਂ ਬਚਾਉਣ 'ਚ ਬੇਹੱਦ ਮਦਦਗਾਰ ਸਾਬਿਤ ਹੋਵੇਗਾ ਅਤੇ ਇਹ ਰੋਬਟ ਨਿਰਮਾਣ ਦੀ ਆਖਰੀ ਸਥਿਤੀ 'ਚ ਹੈ।