ਰਿਆਦ : ਰੇਪ ਕਰ ਰਹੇ ਬੌਸ ਨੂੰ ਮਾਰਨ ਵਾਲੀ ਇੰਡੋਨੇਸ਼ੀਆਈ ਔਰਤ ਨੂੰ ਦਿੱਤੀ ਫਾਂਸੀ

02/17/2020 1:56:11 AM

ਰਿਆਦ (ਇੰਟ.)- ਕਿਸੇ ਔਰਤ ਦੀ ਇੱਜ਼ਤ ਲੁੱਟੀ ਜਾ ਰਹੀ ਹੋਵੇ ਤਾਂ ਉਹ ਕੀ ਕਰੇਗੀ? ਕੀ ਸਵੈ-ਰੱਖਿਆ ਦਾ ਅਧਿਕਾਰ ਮਨੁੱਖੀ ਅਧਿਕਾਰ ਨਹੀਂ? ਸਾਊਦੀ ਅਰਬ ਦੇ ਇਸਲਾਮਿਕ ਕਾਨੂੰਨ 'ਚ ਨਹੀਂ। ਇਸ ਲਈ ਰੇਪ ਦਾ ਵਿਰੋਧ ਕਰਨ ਵਾਲੀ ਔਰਤ ਨੂੰ ਹੀ ਫਾਂਸੀ ਦੇ ਦਿੱਤੀ। ਉਹ ਵੀ ਸ਼ਰੇਆਮ ਸੜਕ ਵਿਚਕਾਰ ਗਲਾ ਕੱਟ ਕੇ। ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਰੇਪ ਕਰ ਰਹੇ ਆਪਣੇ ਬੌਸ 'ਤੇ ਹਮਲਾ ਕੀਤਾ। ਜ਼ਖਮੀ ਹੋਏ ਬੌਸ ਦੀ ਬਾਅਦ ਵਿਚ ਮੌਤ ਹੋ ਗਈ। ਇਹ ਔਰਤ ਇੰਡੋਨੇਸ਼ੀਆ ਦੀ ਸੀ। ਹੁਣ ਸਾਊਦੀ ਅਰਬ ਵਿਰੁੱਧ ਇੰਡੋਨੇਸ਼ੀਆ ਵਿਚ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ।

ਇਕ ਬੱਚੇ ਦੀ ਮਾਂ ਤੂਤੀ ਤੁਰਸੀਲਵਾਤੀ ਨੂੰ ਸੋਮਵਾਰ ਸਾਊਦੀ ਅਰਬ ਦੇ ਮੱਕਾ ਸੂਬੇ ਦੇ ਤਾਇਕ ਸ਼ਹਿਰ ਵਿਚ ਫਾਂਸੀ ਦਿੱਤੀ ਗਈ। ਹਾਲਾਂਕਿ ਇਸ ਤੋਂ ਪਹਿਲਾਂ ਨਾ ਤਾਂ ਇੰਡੋਨੇਸ਼ੀਆਈ ਔਰਤ ਦੇ ਵਾਰਸਾਂ ਨੂੰ ਸੂਚਿਤ ਕੀਤਾ ਗਿਆ ਤੇ ਨਾ ਹੀ ਉਥੋਂ ਦੇ ਦੂਤਘਰ ਨੂੰ। ਇਸ ਤੋਂ ਬਾਅਦ ਇੰਡੋਨੇਸ਼ੀਆ ਦੇ ਕਈ ਇਲਾਕਿਆਂ ਵਿਚ ਸਾਊਦੀ ਅਰਬ ਵਿਰੁੱਧ ਰੋਸ ਵਿਖਾਵੇ ਸ਼ੁਰੂ ਹੋ ਗਏ ਹਨ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਸਾਊਦੀ ਵਿਦੇਸ਼ ਮੰਤਰੀ ਅਦਲ ਅਲ ਜੁਬੈਰ ਨੂੰ ਖਰੀਆਂ-ਖੋਟੀਆਂ ਸੁਣਾਈਆਂ ਹਨ। ਉਨ੍ਹਾਂ ਟੈਲੀਫੋਨ ’ਤੇ ਜੁਬੇਰ ਕੋਲੋਂ ਪੁੱਛਿਆ ਕਿ ਫਾਂਸੀ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਦੇਸ਼ ਨੂੰ ਇਸ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ।
ਯਾਦ ਰਹੇ ਕਿ 3 ਸਾਲਾਂ ਵਿਚ 4 ਇੰਡੋਨੇਸ਼ੀਆਈ ਲੋਕਾਂ ਨੂੰ ਫਾਂਸੀ ਦਿੱਤੀ ਗਈ। ਪਹਿਲਾਂ ਵੀ ਇਸੇ ਤਰ੍ਹਾਂ ਜ਼ਾਲਮਾਨਾ ਸਜ਼ਾ ਤੋਂ ਪਹਿਲਾਂ ਇੰਡੋਨੇਸ਼ੀਆ ਨੂੰ ਸੂਚਨਾ ਨਹੀਂ ਦਿੱਤੀ ਗਈ। ਇੰਡੋਨੇਸ਼ੀਆ ਵਿਚ ਸਾਊਦੀ ਅਰਬ ਦੇ ਰਾਜਦੂਤ ਨੂੰ ਤਲਬ ਕੀਤਾ ਗਿਆ ਹੈ।

Sunny Mehra

This news is Content Editor Sunny Mehra