ਭਾਰਤ CPEC ''ਤੇ ਕਰਾ ਸਕਦਾ ਹੈ ਹਮਲੇ : ਪਾਕਿ ਗ੍ਰਹਿ ਮੰਤਰਾਲਾ

02/05/2018 2:40:17 PM

ਇਸਲਾਮਾਬਾਦ (ਬਿਊਰੋ)— ਅੱਤਵਾਦ ਦੇ ਮੁੱਦੇ 'ਤੇ ਘਿਰਿਆ ਪਾਕਿਸਤਾਨ ਇਨੀਂ ਦਿਨੀਂ ਭਾਰਤ ਵਿਰੁੱਧ ਕੋਈ ਨਾ ਕੋਈ ਬਿਆਨਬਾਜ਼ੀ ਕਰਦਾ ਰਹਿੰਦਾ ਹੈ। ਪਾਕਿਸਤਾਨ ਵੱਲੋਂ ਤਾਜ਼ਾ ਬਿਆਨ ਚੀਨ ਪਾਕਿਸਤਾਨ ਆਰਥਿਕ ਕੋਰੀਡੋਰ (CPEC) ਨੂੰ ਲੈ ਦਿੱਤਾ ਗਿਆ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇਹ ਖਦਸ਼ਾ ਜਾਰੀ ਕੀਤਾ ਹੈ ਕਿ ਭਾਰਤ ਅਰਬਾਂ ਡਾਲਰਾਂ ਦੇ ਸੀ. ਪੀ. ਈ. ਸੀ. ਪ੍ਰੋਜੈਕਟ 'ਤੇ ਹਮਲਾ ਕਰਾ ਸਕਦਾ ਹੈ। ਇਕ ਅੰਗਰੇਜੀ ਅਖਬਾਰ ਮੁਤਾਬਕ  ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਗਿਲਗਿਤ-ਬਾਲਟੀਸਤਾਨ ਦੇ ਗ੍ਰਹਿ ਵਿਭਾਗ ਨੂੰ ਦੱਸਿਆ ਹੈ ਕਿ ਭਾਰਤ ਸੀ. ਪੀ. ਈ. ਸੀ. ਨੂੰ ਅਸਫਲ ਕਰਨ ਲਈ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਇਸ ਲਈ ਮੰਤਰਾਲੇ ਨੇ ਸਖਤ ਸੁਰੱਖਿਆ ਦੇ ਨਿਰਦੇਸ਼ ਜਾਰੀ ਕੀਤੇ ਹਨ। 
ਅਖਬਾਰ ਮੁਤਾਬਕ ਗਿਲਗਿਤ-ਬਾਲਟੀਸਤਾਨ ਦੇ ਗ੍ਰਹਿ ਵਿਭਾਗ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਵਿਭਾਗ ਨੂੰ ਪਾਕਿਸਤਾਨੀ ਗ੍ਰਹਿ ਮੰਤਰਾਲੇ ਵੱਲੋਂ ਹਾਲ ਵਿਚ ਹੀ ਇਕ ਪੱਤਰ ਮਿਲਿਆ ਹੈ, ਜਿਸ ਵਿਚ ਸੀ. ਪੀ. ਈ. ਸੀ. ਦੇ ਰੂਟ ਵਿਚ ਸੰਭਾਵਿਤ ਹਮਲੇ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਹੈ। ਪੱਤਰ ਵਿਚ ਲਿਖੀ ਭਾਸ਼ਾ ਵਿਚ ਭਾਰਤ ਵਿਰੁੱਧ ਪਾਕਿਸਤਾਨ ਦਾ ਗਲਤ ਪ੍ਰਚਾਰ ਜ਼ਾਹਰ ਹੋ ਰਿਹਾ ਹੈ। ਪਾਕਿਸਤਾਨੀ ਗ੍ਰਹਿ ਮੰਤਰਾਲੇ ਨੇ ਪੱਤਰ ਵਿਚ ਦਾਅਵਾ ਕੀਤਾ ਹੈ ਕਿ ਭਾਰਤ ਨੇ 400 ਮੁਸਲਿਮ ਨੌਜਵਾਨਾਂ ਨੂੰ ਅਫਗਾਨਿਸਤਾਨ ਵਿਚ ਟਰੇਨਿੰਗ ਲਈ ਭੇਜਿਆ ਹੈ ਤਾਂ ਜੋ ਉਹ ਸੀ. ਪੀ. ਈ. ਸੀ. ਨਾਲ ਜੁੜੇ ਅਦਾਰਿਆਂ 'ਤੇ ਹਮਲੇ ਕਰ ਸਕਣ। ਰਿਪੋਰਟ ਮੁਤਾਬਕ ਪੱਤਰ ਮਿਲਣ ਮਗਰੋਂ ਗਿਲਗਿਤ-ਬਾਲਟੀਸਤਾਨ ਦੀ ਸਰਕਾਰ ਨੇ ਕਰੀਬ 2 ਦਰਜਨ ਪੁਲਾਂ ਸਮੇਤ ਸੀ. ਪੀ. ਈ. ਸੀ. ਰੂਟ ਦੇ ਅਦਾਰਿਆਂ ਦੀ ਸੁਰੱਖਿਆ ਵਧਾ ਦਿੱਤੀ ਹੈ।