ਟਿਊਨੀਸ਼ੀਆ ਦੀ ਰਾਜਧਾਨੀ 'ਚ ਹੋਏ ਦੋਹਰੇ ਆਤਮਘਾਤੀ ਹਮਲਿਆਂ ਦੀ IS ਨੇ ਲਈ ਜ਼ਿੰਮੇਵਾਰੀ

06/28/2019 9:49:24 AM

ਟਿਊਨਿਸ਼ — ਟਿਊਨੀਸ਼ੀਆ ਦੀ ਰਾਜਧਾਨੀ 'ਚ ਵੀਰਵਾਰ ਨੂੰ ਹੋਏ ਦੋਹਰੇ ਆਤਮਘਾਤੀ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ। ਅਮਰੀਕਾ ਸਥਿਤ ਇਕ ਨਿਗਰਾਨੀ ਸਮੂਹ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਹਮਲੇ ਵਿਚ ਇਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਸੀ ਜਦੋਂਕਿ 8 ਹੋਰ ਵਿਅਕਤੀ ਜ਼ਖਮੀ ਹੋ ਗਏ ਸਨ। 'SITE' ਇੰਟੈਲੀਜੈਂਸ ਗਰੁੱਪ ਨੇ ਜਿਹਾਦੀ ਸੰਗਠਨ ਦੀ ਪ੍ਰਮੋਸ਼ਨਲ ਸ਼ਾਖਾ 'ਅਮਾਕ' ਦੇ ਹਵਾਲੇ ਨਾਲ ਕਿਹਾ, 'ਟਿਊਨੀਸ਼ੀਆ ਵਿਚ ਸੁਰੱਖਿਆ ਪ੍ਰਣਾਲੀ 'ਤੇ ਦੋ ਆਤਮਘਾਤੀ ਹਮਲਿਆਂ ਨੂੰ ਅੰਜਾਮ ਦੇਣ ਵਾਲੇ IS ਦੇ ਲੜਾਕੇ ਸਨ।'
ਜ਼ਿਕਰਯੋਗ ਹੈ ਕਿ 

ਸੁਰੱਖਿਆ ਫੋਰਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੋ ਆਮਤਘਾਤੀ ਹਮਲਿਆਂ ਨੇ ਵੀਰਵਾਰ ਨੂੰ ਟਿਊਨੀਸ਼ੀਆ ਦੀ ਰਾਜਧਾਨੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਨ੍ਹਾਂ ਹਮਲਿਆਂ 'ਚ ਘੱਟ ਤੋਂ ਘੱਟ 9 ਲੋਕ ਜ਼ਖਮੀ ਹੋਏ ਸਨ।

ਜਾਣਕਾਰੀ ਮੁਤਾਬਕ ਇਕ ਹਮਲਾਵਰ ਨੇ ਸਵੇਰੇ 11 ਵਜੇ ਤੋਂ ਪਹਿਲਾਂ ਫ੍ਰਾਂਸੀਸੀ ਦੂਤਘਰ ਦੇ ਕੋਲ ਇਕ ਵਿਅਸਤ ਥਾਂ 'ਤੇ ਧਮਾਕਾ ਕੀਤਾ। ਇਸ ਹਮਲੇ 'ਚ ਪੁਲਸ ਗਸ਼ਤ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ 'ਚ ਦੋ ਅਧਿਕਾਰੀਆਂ ਸਣੇ ਘੱਟ ਤੋਂ ਘੱਟ ਪੰਜ ਲੋਕ ਜ਼ਖਮੀ ਹੋ ਗਏ। ਉਥੇ ਹੀ ਲਗਭਗ ਉਸੇ ਵੇਲੇ ਸ਼ਹਿਰ ਦੇ ਬਾਹਰੀ ਇਲਾਕੇ 'ਚ ਪੁਲਸ ਪਾਰਟੀ 'ਤੇ ਹਮਲਾ ਕਰਦੇ ਹੋਏ ਧਮਾਕੇ 'ਚ ਇਕ ਆਤਮਘਾਤੀ ਹਮਲਾਵਰ ਵੀ ਮਾਰਿਆ ਗਿਆ। ਇਸ 'ਚ ਚਾਰ ਅਧਿਕਾਰੀ ਵੀ ਜ਼ਖਮੀ ਹੋਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਣਯੋਗ ਹੈ ਕਿ ਟਿਊਨੀਸ਼ੀਆ 'ਤੇ ਕਈ ਵਾਰ ਆਤਮਘਾਤੀ ਹਮਲੇ ਹੋਏ ਹਨ। ਅਕਤੂਬਰ 'ਚ ਇਕ ਮਹਿਲਾ ਆਤਮਘਾਤੀ ਹਮਲਾਵਰ ਨੇ ਸਿਟੀ ਸੈਂਟਰ 'ਤੇ ਹਮਲਾ ਕੀਤਾ, ਜਿਸ 'ਚ ਸਿਰਫ ਖੁਦ ਉਸ ਦੀ ਹੀ ਮੌਤ ਹੋਈ।