ਭਾਰਤੀ ਮੂਲ ਦੀ ਅਮਰੀਕੀ ਡਾਕਟਰ ਨੇ ਕੀਤਾ ਕਾਂਗਰਸੀ ਚੋਣ ਲੜਨ ਦਾ ਐਲਾਨ

08/18/2017 11:24:26 AM

ਵਾਸ਼ਿੰਗਟਨ— ਐਰੀਜੋਨਾ ਦੀ ਭਾਰਤੀ ਮੂਲ ਦੀ ਇਕ ਅਮਰੀਕੀ ਡਾਕਟਰ ਨੇ ਸਾਲ 2018 ਦੀਆਂ ਆਮ ਚੋਣਾਂ ਵਿਚ ਪ੍ਰਤੀਨਿਧੀ ਸਭਾ ਲਈ ਚੋਣ ਲੜਨ ਦਾ ਐਲਾਨ ਕੀਤਾ ਹੈ। ਐਮਰਜੈਂਸੀ ਰੂਮ ਡਾਕਟਰ ਅਤੇ ਕੈਂਸਰ ਸ਼ੋਧ ਸਮਰਥਕ ਹੀਰਲ ਤਿਪਿਰਨੇਨੀ ਨੇ ਕਿਹਾ ਕਿ ਉਹ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਦੂਜਿਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿਚ ਯਕੀਨ ਰੱਖਦੀ ਹੈ। 
ਉਹ ਐਰੀਜੋਨਾ ਦੇ 8ਵੇਂ ਕਾਂਗਰਸੀ ਜ਼ਿਲ੍ਹੇ ਤੋਂ ਚੋਣ ਲੜੇਗੀ, ਜੋ ਫੀਨਿਕਸ ਦੇ ਆਲੇ-ਦੁਆਲੇ ਕੇਂਦਰਿਤ ਪੰਜ ਪ੍ਰਧਾਨ ਸ਼ਹਿਰੀ ਜ਼ਿਲ੍ਹਿਆਂ ਵਿਚੋਂ ਇਕ ਹੈ। ਉਹ ਡੈਮੋਕ੍ਰੈਟਿਕ ਪਾਰਟੀ ਦੀ ਟਿਕਟ 'ਤੇ ਚੋਣ ਲੜੇਗੀ। ਵਰਤਮਾਨ ਵਿਚ ਰੀਪਬਲਿਕਨ ਪਾਰਟੀ ਦੇ ਟ੍ਰੇਂਟ ਫ੍ਰੈਂਕਸ ਦੇ ਕੰਟਰੋਲ ਵਾਲੇ ਇਸ 8ਵੇਂ ਕਾਂਗਰਸੀ ਜ਼ਿਲ੍ਹੇ ਵਿਚ ਏਸ਼ੀਆਈ ਮੂਲ ਦੇ ਲੋਕਾਂ ਦੀ ਸੰਖਿਆ 2.8% ਤੋਂ ਵੀ ਘੱਟ ਹੈ ਅਤੇ ਇੱਥੋਂ ਦੀ 87% ਤੋਂ ਜ਼ਿਆਦਾ ਆਬਾਦੀ ਗੋਰਿਆਂ ਦੀ ਹੈ। ਹੀਰਲ ਨੇ ਇਕ ਬਿਆਨ ਵਿਚ ਕਿਹਾ,''ਮੈਂ ਰਾਜਨੀਤਕ ਨਹੀਂ ਹਾਂ ਪਰ ਮੈਂ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਕੰਮ ਕੀਤਾ ਹੈ ਅਤੇ ਮੈਂ ਵਾਅਦਾ ਕਰਦੀ ਹਾਂ ਕਿ ਮੈਂ ਉਸੇ ਤਰ੍ਹਾਂ ਨਾਲ ਰੀਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀ ਨਾਲ ਕੰਮ ਕਰਦੇ ਹੋਏ ਨਵਾਂ ਦ੍ਰਿਸ਼ਟੀਕੋਣ ਲੈ ਕੇ ਆਵਾਂਗੀ, ਜਿਸ ਨਾਲ ਜਿਹੜੇ ਨਤੀਜਿਆਂ ਦੀ ਸਾਨੂੰ ਲੋੜ ਹੈ ਉਹ ਹਾਸਲ ਕੀਤੇ ਜਾ ਸਕਣ।''