ਕਾਂਗੋ ਗਣਰਾਜ : ਹਮਲੇ ''ਚ 14 ਸ਼ਾਂਤੀ ਦੂਤਾਂ ਦੀ ਮੌਤ, 53 ਜ਼ਖਮੀ

12/09/2017 12:18:09 AM

ਬਰੈਜ਼ਾਵਿਲ— ਅਫਰੀਕੀ ਦੇਸ਼ ਕਾਂਗੋ ਗਣਰਾਜ 'ਚ ਹੋਏ ਇਕ ਹਮਲੇ 'ਚ ਸੰਯੁਕਤ ਰਾਸ਼ਟਰ ਦੇ ਕਰੀਬ 14 ਸ਼ਾਂਤੀ ਦੂਤ ਮਾਰੇ ਗਏ ਹਨ ਤੇ 53 ਜ਼ਖਮੀ ਹੋਏ ਹਨ। ਸੰਯੁਕਤ ਰਾਸ਼ਟਰ ਮੋਨੁਸਕੂ ਸ਼ਾਂਤੀ ਮਿਸ਼ਨ ਮੁਤਾਬਕ ਨਾਰਥ ਕਿਵੂ ਸੂਬੇ 'ਚ ਐਲਾਇਡ ਡੈਮੋਕ੍ਰੇਟਿਕ ਫੋਰਸਸ ਦੇ ਸ਼ੱਕੀ ਵਿਦਰੋਹੀਆਂ ਨੇ ਸ਼ਾਂਤੀ ਦੂਤਾਂ 'ਤੇ ਹਮਲਾ ਕੀਤਾ ਹੈ। ਮ੍ਰਿਤਕਾਂ 'ਚ ਕਾਂਗੋ ਗਣਰਾਜ ਹਥਿਆਰਬੰਦ ਬਲ ਦੇ 5 ਫੌਜੀ ਵੀ ਸ਼ਾਮਲ ਹਨ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟਰੇਸ਼ ਨੇ ਸ਼ਾਂਤੀ ਦੂਤਾਂ 'ਤੇ ਹੋਏ ਇਸ ਹਮਲੇ ਨੂੰ ਬੀਤੇ ਕੁਝ ਸਾਲਾਂ 'ਚ ਸਭ ਤੋਂ ਵੱਡਾ ਹਮਲਾ ਦੱਸਿਆ ਹੈ। ਮਾਰੇ ਗਏ ਸ਼ਾਂਤੀ ਦੂਤ ਤੰਜਾਨੀਆ ਦੇ ਹਨ ਜਿਨ੍ਹਾਂ ਦੇ ਪਰਿਵਾਰ ਪ੍ਰਤੀ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਸੰਵੇਦਨਾ ਜ਼ਾਹਿਰ ਕੀਤੀ ਹੈ।
ਕਾਂਗੋ ਗਣਰਾਜ 'ਚ ਮੋਨੁਸਕੂ ਸ਼ਾਂਤੀ ਮਿਸ਼ਨ ਦੇ ਤਹਿਤ ਕਰੀਬ 18000 ਸ਼ਾਂਤੀ ਦੂਤ ਕੰਮ ਕਰ ਰਹੇ ਹਨ। ਨਾਰਥ ਕਿਵੂ ਸੂਬੇ 'ਚ ਖਣਿਜ ਪਦਾਰਥਾਂ ਜਾ ਵੱਡਾ ਭੰਡਾਰ ਹੈ ਜਿਸ 'ਤੇ ਕੰਟਰੋਲ ਲਈ ਕਈ ਹਥਿਆਰਬੰਦ ਲੜਾਕੇ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਕਾਂਗੋ ਦੇ ਸੁਰੱਖਿਆ ਬਲਾਂ ਤੇ ਸੰਯੁਕਤ ਰਾਸ਼ਟਰ ਸਾਂਤੀ ਦੂਤਾਂ ਨਾਲ ਕਈ ਵਾਰ ਉਨ੍ਹਾਂ ਦੀ ਝੜਪ ਹੋਈ ਹੈ। ਕਾਂਗੋ ਗਣਰਾਜ 'ਚ ਰਾਹਤ ਕਾਰਜ ਕਰ ਰਹੀਆਂ ਸੰਸਥਾਵਾਂ ਨੇ ਇਸੇ ਹਫਤੇ ਕਿਹਾ ਸੀ ਕਿ ਸੰਘਰਸ਼ ਕਾਰਨ 17 ਲੱਖ ਲੋਕਾਂ ਨੂੰ ਆਪਣਾ ਘਰ ਛੱਡ ਕੇ ਪਲਾਇਨ ਕਰਨਾ ਪਿਆ ਹੈ। ਕਾਂਗੋ ਗਣਰਾਜ 'ਚ ਰਫਿਊਜੀ ਕਾਊਂਸਿਲ ਦੇਉਲਰਿਕਾ ਬਲਾਮ ਸਥਿਤੀ ਨੂੰ ਚਿੰਤਾਜਨਕ ਪ੍ਰੇਸ਼ਾਨੀ ਦੱਸਦੇ ਹਨ। ਉਹ ਕਹਿੰਦੇ ਹਨ, ''ਸੰਘਰਸ਼ ਕਾਰਨ ਇਥੋਂ ਇੰਨੇ ਲੋਕ ਘਰ ਛੱਡ ਕੇ ਭੱਜ ਰਹੇ ਹਨ ਕਿ ਇਹ ਅੰਕਾੜਾ ਸੀਰੀਆ, ਯਮਨ ਤੇ ਇਰਾਕ ਤੋਂ ਭੱਜ ਰਹੇ ਲੋਕਾਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਹੈ।''