''ਆਸੀਆ ਦੀ ਪਾਕਿਸਤਾਨ ਛੱਡਣ ਦੀ ਰਿਪੋਰਟ ਫਰਜ਼ੀ''

11/12/2018 6:50:17 PM

ਲਾਹੌਰ— ਪਾਕਿਸਤਾਨੀ ਸਰਕਾਰ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ ਹੈ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਆਸੀਆ ਬੀਬੀ ਵਿਦੇਸ਼ ਚਲੀ ਗਈ ਹੈ। ਨਾਲ ਹੀ ਕਿਹਾ ਕਿ ਹਾਲ ਹੀ 'ਚ ਬਰੀ ਕੀਤੀ ਗਈ ਈਸਾਈ ਔਰਤ ਆਸੀਆ ਦਾ ਵਿਦੇਸ਼ 'ਚ ਸਵਾਗਤ ਕੀਤੇ ਜਾਣ ਦੀਆਂ ਜੋ ਤਸਵੀਰਾਂ ਮੀਡੀਆ 'ਚ ਦਿਖਾਈਆਂ ਜਾ ਰਹੀਆਂ ਹਨ, ਉਹ ਫਰਜ਼ੀ ਹਨ।

ਸੰਘੀ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਇਕ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਫਰਜ਼ੀ ਖਬਰਾਂ ਵੱਡੀ ਚੁਣੌਤੀ ਹਨ। ਆਸੀਆ ਬੀਬੀ ਪਾਕਿਸਤਾਨ 'ਚ ਹੀ ਹੈ ਤੇ ਉਨ੍ਹਾਂ ਦੇ ਦੇਸ਼ ਛੱਡਣ ਤੇ ਵਿਦੇਸ਼ 'ਚ ਸਵਾਗਤ ਹੋਣ ਦੀਆਂ ਜੋ ਤਸਵੀਰਾਂ ਹਨ, ਉਹ ਫਰਜ਼ੀ ਹਨ। ਉਨ੍ਹਾਂ ਕਿਹਾ ਕਿ ਕੁਝ ਮੀਡੀਆ ਸੰਸਥਾਨਾਂ ਨੇ ਅਜਿਹੀ ਰਿਪੋਰਟਿੰਗ ਕੀਤੀ ਹੈ ਕਿ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਬੀਬੀ ਦੇਸ਼ ਛੱਡ ਕੇ ਚਲੀ ਗਈ ਹੈ, ਜੋ ਕਿ ਗੈਰ-ਜ਼ਿੰਮੇਦਾਰਾਨਾ ਵਤੀਰਾ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਸੋਸ਼ਲ ਮੀਡੀਆ 'ਤੇ ਕੰਟਰੋਲ ਲਈ ਕਾਨੂੰਨ ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਚੌਧਰੀ ਨੇ ਕਿਹਾ ਕਿ ਬੇਲਗਾਮ ਸੋਸ਼ਲ ਮੀਡੀਆ 'ਤੇ ਲਗਾਮ ਲਗਾਉਣ ਤੇ ਉਸ ਨੂੰ ਕਾਨੂੰਨ ਦੇ ਦਾਇਰੇ 'ਚ ਲਿਆਉਣ ਦੀ ਲੋੜ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਫਰਜ਼ੀ ਖਬਰਾਂ ਤੇ ਸੂਚਨਾਵਾਂ ਫਰਜ਼ੀ ਖਾਤਿਆਂ ਤੋਂ ਲਗਭਗ ਰੁਜ਼ਾਨਾ ਆਉਂਦੀਆਂ ਹਨ ਤੇ ਇਨ੍ਹਾਂ 'ਤੇ ਰੋਕ ਲਾਉਣ ਦੀ ਲੋੜ ਹੈ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਆਪਣੇ ਇਕ ਇਤਿਹਾਸਿਕ ਫੈਸਲੇ 'ਚ ਈਸ਼ਨਿੰਦਾ ਦੀ ਦੋਸ਼ੀ ਆਸੀਆ ਬੀਬੀ ਨੂੰ ਬਰੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਿਛਲੇ ਹਫਤੇ ਮੁਲਤਾਨ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਆਸੀਆ ਨੂੰ 2010 'ਚ ਈਸ਼ਨਿੰਦਾ ਦਾ ਦੋਸ਼ੀ ਠਹਿਰਾਇਆ ਗਿਆ ਸੀ। ਹਾਲਾਂਕਿ ਬੀਬੀ ਨੇ ਇਸ ਮਾਮਲੇ 'ਚ ਆਪਣੇ ਆਮ ਨੂੰ ਹਮੇਸ਼ਾ ਨਿਰਦੋਸ਼ ਦੱਸਿਆ ਪਰ ਉਨ੍ਹਾਂ ਨੂੰ ਪਿਛਲੇ 8 ਸਾਲਾ ਦਾ ਜ਼ਿਆਦਾਤਰ ਸਮਾਂ ਜੇਲ 'ਚ ਬਿਤਾਉਣਾ ਪਿਆ ਸੀ।