ਬਾਦਸ਼ਾਹ ਬਣ ਪਾਕਿ ਪੱਤਰਕਾਰ ਨੇ ਕੀਤੀ ਰਿਪੋਰਟਿੰਗ, ਵੀਡੀਓ ਵਾਇਰਲ

01/18/2020 12:02:11 AM

ਲਾਹੌਰ (ਏਜੰਸੀ)- ਪਾਕਿਸਤਾਨ ਦੇ ਪੱਤਰਕਾਰ ਅਮੀਨ ਹਫੀਜ਼ ਦੀ ਰਿਪੋਰਟਿੰਗ ਦੀ ਵੀਡੀਓ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਪੱਤਰਕਾਰ ਬਾਦਸ਼ਾਹ ਦੇ ਪਹਿਰਾਵੇ ਵਿਚ ਰਿਪੋਰਟਿੰਗ ਕਰਦਾ ਨਜ਼ਰ ਆ ਰਿਹਾ ਹੈ। ਪੱਤਰਕਾਰ ਦੇ ਹੱਥ ਵਿਚ ਇਕ ਤਲਵਾਰ ਵੀ ਹੈ ਅਤੇ ਉਸ ਨੇ ਕੁਝ ਗਹਿਣੇ ਵੀ ਪਹਿਨੇ ਹੋਏ ਹਨ। ਅਮੀਨ ਹਫੀਜ਼ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ, ਜਿਸ ਨੂੰ ਹੁਣ ਤੱਕ ਕਈ ਲੋਕਾਂ ਵਲੋਂ ਵੇਖਿਆ ਅਤੇ ਸ਼ੇਅਰ ਕੀਤਾ ਜਾ ਚੁੱਕਾ ਹੈ। ਅਮੀਨ ਇਸ ਤੋਂ ਪਹਿਲਾਂ ਵੀ ਚਰਚਾ ਵਿਚ ਰਹਿ ਚੁੱਕਾ ਹੈ। ਕੁਝ ਦਿਨ ਪਹਿਲਾਂ ਉਸ ਨੇ ਲਾਹੌਰ ਵਿਚ ਪਸ਼ੂ ਮੇਲੇ ਵਿਚ ਖੋਤੇ 'ਤੇ ਬੈਠ ਕੇ ਰਿਪੋਰਟਿੰਗ ਕੀਤੀ ਸੀ। ਇਸ ਵਾਰ ਉਨ੍ਹਾਂ ਨੇ ਲਾਹੌਰ ਫੋਰਟ ਦੇ ਰਾਇਲ ਕਿਚਨ ਤੋਂ ਇਕ ਵਿਆਹ ਦੀ ਰਿਪੋਰਟਿੰਗ ਕੀਤੀ।

ਜਿਓ ਟੀ.ਵੀ. ਮੁਤਾਬਕ, ਲਾਹੌਰ ਕਿਲੇ ਨੂੰ ਯੂਨੈਸਕੋ ਨੇ ਵਿਸ਼ਵ ਧਰੋਹਰ ਐਲਾਨ ਕੀਤਾ ਹੋਇਆ ਹੈ। ਇਥੇ ਵਿਆਹ ਕਰਨਾ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਹੈ। 9 ਜਨਵਰੀ ਨੂੰ ਹੋਏ ਵਿਆਹ ਦੀ ਉਹ ਰਿਪੋਰਟਿੰਗ ਵੀ ਕਰਦੇ ਹੋਏ ਨਜ਼ਰ ਆਏ ਹਨ। ਸ਼ਾਹੀ ਬਾਵਰਚੀਖਾਨੇ ਵਿਚ ਵਿਆਹ ਕਿਸ ਰਚਾਇਆ? ਉਸ ਨੂੰ ਸਜ਼ਾ ਮਿਲੇਗੀ। ਇਸ ਦੌਰਾਨ ਉਹ ਤਲਵਾਰ ਵੀ ਬਾਹਰ ਨਿਕਾਲਦੇ ਨਜ਼ਰ ਆਏ। ਉਨ੍ਹਾਂ ਦੀ ਇਸ ਵੀਡੀਓ ਨੂੰ ਇਕ ਹੋਰ ਪਾਕਿਸਤਾਨੀ ਪੱਤਰਕਾਰ ਨੇ ਟਵਿੱਟਰ 'ਤੇ ਸ਼ੇਅਰ ਵੀ ਕੀਤਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਇਥੇ ਵਿਆਹ ਵਰਗੇ ਆਯੋਜਨ 'ਤੇ ਸਦਾ ਲਈ ਰੋਕ ਲਗਾ ਦਿੱਤੀ ਹੈ। ਸਰਕਾਰ ਦੀ ਕਾਰਵਾਈ ਤੋਂ ਬਾਅਦ ਕਿਲੇ ਵਿਚ ਵਿਆਹ ਦਾ ਆਯੋਜਨ ਕਰਨ ਵਾਲੇ ਅਜਰਤ ਨਵਾਜ਼ ਨੇ ਗ੍ਰਿਫਤਾਰੀ ਤੋਂ ਬਚਣ ਲਈ ਕੋਰਟ ਤੋਂ ਜ਼ਮਾਨਤ ਲੈ ਲਈ ਹੈ।


Sunny Mehra

Content Editor

Related News