ਕਿਊਬੇਕ 'ਚ ਜਨਤਕ ਥਾਵਾਂ 'ਤੇ ਬੁਰਕਾ ਪਾਉਣ 'ਤੇ ਬੈਨ ਸੰਬੰਧੀ ਬਿੱਲ ਹੋਇਆ ਪਾਸ

10/19/2017 10:18:17 AM

ਕਿਊਬੇਕ (ਬਿਊਰੋ)— ਕੈਨੇਡਾ ਦੇ ਕਿਊਬੇਕ ਸੂਬੇ ਵਿਚ ਵਿਵਾਦਮਈ ਧਾਰਮਿਕ ਨਿਰਪੱਖਤਾ ਕਾਨੂੰਨ ਪਾਸ ਹੋ ਗਿਆ ਹੈ। ਇਸ ਕਾਨੂੰਨ ਤਹਿਤ ਜਨਤਕ ਸੇਵਾਵਾਂ ਦੇ ਰਹੇ ਜਾਂ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਰਹੇ ਲੋਕਾਂ ਲਈ ਆਪਣੀ ਚਿਹਰਾ ਦਿਖਾਉਣਾ ਲਾਜ਼ਮੀ ਹੋਵੇਗਾ। 
ਕਿਊਬੇਕ ਨੇ ਹਾਲ ਵਿਚ ਹੀ ਜਨਤਕ ਆਵਾਜਾਈ ਅਤੇ ਮਿਊਂਸੀਪਲ ਪ੍ਰਸ਼ਾਸਨ ਨਾਲ ਜੁੜੀਆਂ ਸੇਵਾਵਾਂ ਨੂੰ ਵੀ ਇਸ ਕਾਨੂੰਨ ਦੇ ਦਾਇਰੇ ਵਿਚ ਸ਼ਾਮਲ ਕੀਤਾ ਹੈ। ਕਿਊਬੇਕ ਦੀ ਸੰਸਦ ਨੇ ਬਿੱਲ ਨੰਬਰ 62 ਨੂੰ 66-51 ਵੋਟਾਂ ਨਾਲ ਪਾਸ ਕੀਤਾ।
ਇਸ ਕਾਨੂੰਨ ਤਹਿਤ ਨਕਾਬ ਜਾਂ ਬੁਰਕਾ ਪਾਉਣ ਵਾਲੀਆਂ ਔਰਤਾਂ ਨੂੰ ਹੁਣ ਜਨਤਕ ਸੇਵਾਵਾਂ ਦਿੰਦੇ ਜਾਂ ਲੈਂਦੇ ਸਮੇਂ ਆਪਣਾ ਚਿਹਰਾ ਦਿਖਾਉਣਾ ਪਵੇਗਾ। ਪ੍ਰਸ਼ਾਸਕੀ ਅਧਿਕਾਰੀਆਂ, ਪੁਲਸ ਅਫਸਰਾਂ, ਅਧਿਆਪਕਾਂ, ਬੱਸ ਡਰਾਈਵਰਾਂ ਅਤੇ ਡਾਕਟਰੀ ਜਿਹੇ ਕਿੱਤਿਆਂ ਨਾਲ ਜੁੜੀਆਂ ਔਰਤਾਂ ਹੁਣ ਕੰਮ ਵਾਲੀ ਥਾਂ 'ਤੇ ਬੁਰਕਾ ਨਹੀਂ ਪਾ ਸਕਣਗੀਆਂ। ਇਹੀ ਨਹੀਂ ਇਸ ਕਾਨੂੰਨ ਤਹਿਤ ਸਬਸਿਡੀ ਵਾਲੀ ਬਾਲ ਦੇਖਭਾਲ ਸੇਵਾਵਾਂ ਵਿਚ ਬੱਚਿਆਂ ਨੂੰ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾ ਸਕੇਗੀ। ਬੱਸਾਂ ਵਿਚ ਯਾਤਰਾ ਕਰਨ ਜਾਂ ਲਾਈਬ੍ਰੇਰੀ ਵਿਚ ਪੜ੍ਹਨ ਦੌਰਾਨ ਹੁਣ ਔਰਤਾਂ ਬੁਰਕਾ ਨਹੀਂ ਪਾ ਸਕਣਗੀਆਂ।
ਕਿਊਬੇਕ ਵਿਚ ਪਾਸ ਕੀਤੇ ਗਏ ਬਿੱਲ ਨੰਬਰ 62 ਵਿਚ ਮੁਸਲਮਾਨ ਧਰਮ ਦਾ ਜ਼ਿਕਰ ਨਹੀਂ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਕਾਨੂੰਨ ਤਹਿਤ ਕਿਸੇ ਵੀ ਤਰੀਕੇ ਨਾਲ ਚਿਹਰਾ ਢੱਕਣ 'ਤੇ ਪਾਬੰਦੀ ਹੋਵੇਗੀ ਅਤੇ ਇਸ ਦੇ ਨਿਸ਼ਾਨੇ 'ਤੇ ਸਿਰਫ ਮੁਸਲਮਾਨ ਨਹੀਂ ਹਨ। ਇਸ ਨਵੇਂ ਕਾਨੂੰਨ ਦਾ ਅਸਰ ਉਨ੍ਹਾਂ ਮੁਸਲਿਮ ਔਰਤਾਂ 'ਤੇ ਵੀ ਪਵੇਗਾ, ਜੋ ਜਨਤਕ ਸੇਵਾਵਾਂ ਦਾ ਲਾਭ ਲੈਂਦੇ ਸਮੇਂ ਆਪਣਾ ਚਿਹਰਾ ਢੱਕ ਲੈਂਦੀਆਂ ਸਨ। 
ਆਲੋਚਕਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਨਾਲ ਉਨ੍ਹਾਂ ਮੁਸਲਿਮ ਔਰਤਾਂ ਦੇ ਹਿੱਤਾਂ ਦੀ ਅਣਦੇਖੀ ਹੋਵੇਗੀ, ਜੋ ਬੁਰਕਾ ਪਾ ਕੇ ਜਾਂ ਚਿਹਰਾ ਢੱਕ ਕੇ ਜਨਤਕ ਸੇਵਾਵਾਂ ਦਾ ਲਾਭ ਲੈਂਦੀਆਂ ਹਨ।  ਕਾਨੂੰਨ ਮਾਹਰਾਂ ਦਾ ਮੰਨਣਾ ਹੈ ਕਿ ਬਿੱਲ ਨੰਬਰ 62 ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਜਾ ਸਕਦੀ ਹੈ।