ਇਟਲੀ : ਪ੍ਰਕਾਸ਼ ਦਿਹਾੜੇ ਦੇ ਸਮਾਗਮ ਵੇਖਕੇ ਇਟਾਲੀਅਨ ਹੋਏ ਗੱਦ-ਗੱਦ

10/21/2019 3:25:24 PM

ਮਿਲਾਨ ਇਟਲੀ (ਸਾਬੀ ਚੀਨੀਆ)– ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਦਿਹਾੜਾ ਦੁਨੀਆਂ ਦੇ ਹਰ ਦੇਸ਼ ’ਚ ਵੱਸਦੇ ਭਾਰਤੀਆਂ ਵੱਲੋਂ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਰੋਮ ਦੇ ਅੰਤਰ ਰਾਸ਼ਟਰੀ ਏਅਰ ਪੋਰਟ ਦੇ ਨਾਲ ਲੱਗਦੇ ਕਸਬਾ ਫਰਿਜੇਨੇ, ਮਕਾਰੇਸੇ ਤੇ ਲਾਦੀਸਪੋਲੀ ਦੀਆਂ ਸਮੂਹ ਸੰਗਤਾਂ ਵੱਲੋਂ ਇਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮਹਾਨ ਸਮਾਗਮ ਵਿਚ ਵੱਡੀ ਤਦਾਦ ਵਿਚ ਪੁੱਜੇ ਇਟਾਲੀਅਨ ਅਧਿਕਾਰੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੂਰਬ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹੋਏ ਉਨਾਂ ਦੀ ਜੀਵਨ ਸ਼ੈਲੀ ਤੇ ਉਪਦੇਸ਼ ਨੂੰ ਅਪਨਾਉਣ ਦੀ ਗੱਲ ਆਖੀ। ਇਸ ਮੌਕੇ ਸਥਾਨਿਕ ਮੇਅਰ ਨੇ ਆਪਣੇ ਭਾਸ਼ਣ ’ਚ ਆਖਿਆ ਕਿ ਉਨ੍ਹਾਂ ਬਹੁਤ ਸਾਰੇ ਪ੍ਰੋਗਰਾਮਾਂ ਵਿਚ ਹਾਜ਼ਰੀ ਲਗਵਾਈ ਹੋਵੇਗੀ ਪਰ ਸਿੱਖ ਧਰਮ ਵੱਲੋਂ ਕਰਵਾਏ ਇਸ ਧਾਰਮਿਕ ਸਮਾਗਮ ਨੂੰ ਆਉਣ ਵਾਲੇ ਕਈ ਸਾਲ੍ਹਾਂ ਤੱਕ ਯਾਦ ਰੱਖਿਆ ਜਾਵੇਗਾ। ਇਹ ਸਾਮਗਮ ਉਨਾਂ ਦੀ ਜ਼ਿਦਗੀ ਦੀ ਅਭੁੱਲ ਯਾਦ ਬਣਕੇ ਹਮੇਸ਼ਾਂ ਲਈ ਯਾਦ ਰਹੇਗਾ। ਭਾਈ ਮਨਜੀਤ ਸਿੰਘ ਜੱਸੋਮਜਾਰਾ ਨੇ ਗੁਰੂ ਨਾਨਕ ਸਾਹਿਬ ਦੀ ਕੁਦਰਤੀ ਸੋਮਿਆ ਨੂੰ ਸਾਂਭਣ ਵਾਲੀ ਵਿਚਾਰਧਾਰਾ ਦਾ ਜ਼ਿਕਰ ਕਰਦਿਆਂ ਹਵਾ ਤੇ ਪਾਣੀਆਂ ਨੂੰ ਪੁਲੀਤ ਹੋਣ ਤੋਂ ਬਚਾਉਣ ’ਤੇ ਜ਼ੋਰ ਦਿੰਦੇ ਆਖਿਆ, ਸਾਨੂੰ ਆਪਣਾ ਮਨ, ਤੇ ਚਾਰ-ਚੁਫੇਰਾ ਸਾਫ ਰੱਖਣਾ ਚਾਹੀਦਾ ਹੈ ਤਾਂ ਹੀ ਇਕ ਚੰਗੇ ਸਮਾਜ ਦੀ ਸਿਰਜਨਾ ਹੋ ਸਕਦੀ ਹੈ। ਪ੍ਰਸਿੱਧ ਪ੍ਰਚਾਰਕ ਬੀਬੀ ਨਵਦੀਪ ਕੌਰ, ਢਾਡੀ ਜੱਥਾ ਏ, ਐੱਸ.ਏ. ਇੰਗਲੈਡ ਵਾਲਿਆ ਨੇ ਕਵੀਸ਼ਰ ਜੱਥਾ ਸਲੱਖਣ ਸਿੰਘ, ਬਾਬਾ ਸੁਰਿੰਦਰ ਸਿੰਘ (ਵਿਲੈਤਰੀ) ਅਤੇ ਬਾਬਾ ਦਲਬੀਰ ਸਿੰਘ (ਲਵੀਨੀ) ਵਾਲਿਆ ਨੇ ਵੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਵਿਚਾਰਾਂ ਪੇਸ਼ ਕਰਦਿਆਂ ਇਸ ਧਾਰਮਿਕ ਸਮਾਗਮ ਦੀਆਂ ਰੌਣਕਾਂ ਨੂੰ ਵਧਾਇਆ। ਪ੍ਰਬੰਧਕ ਕਮੇਟੀ ਵੱਲੋਂ ਸਥਾਨਿਕ ਮੇਅਰ ਅਤੇ ਉਨ੍ਹਾਂ ਨਾਲ ਆਈ ਨਗਰ ਕੌਂਸਲ ਦੀ ਟੀਮ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਸਥਾਨਿਕ ਸੰਗਤਾਂ ਵਲੋਂ ਇਸ ਸ਼ਹਿਰ ਵਿਚ ਪਹਿਲਾ ਧਾਰਮਿਕ ਸਮਾਗਮ ਕਰਵਾ ਕੇ ਇਕ ਨਵੀਂ ਪਹਿਲ ਕਦਮੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੀਆਂ ਇਟਾਲੀਅਨ ਸੰਗਤਾਂ ਦੀ ਹਾਜ਼ਰੀ ਨੂੰ ਇਕ ਵੱਡੀ ਪ੍ਰਾਪਤੀ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ। ਭਾਰਤੀ ਅੰਬੈਸੀ ਦੇ ਨੁੰਮਾਇੰਦੇ ਮਨਰਾਲ ਵੱਲੋਂ ਵੀ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਗਈ।