ਭਾਰਤ ’ਚ ਕੋਰੋਨਾ ਦੌਰਾਨ ਲੱਗੀਆਂ ਪਾਬੰਦੀਆਂ 'ਚ ਘਿਰੇ ਅਮਰੀਕੀ ਉਪ-ਰਾਸ਼ਟਰਪਤੀ ਦੇ ਰਿਸ਼ਤੇਦਾਰ

05/07/2021 12:59:51 PM

ਵਾਸ਼ਿੰਗਟਨ (ਏ. ਪੀ.)-ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਮਾਮਾ ਜੀ. ਬਾਲਾਚੰਦਰਨ ਇਸ ਸਾਲ 80 ਸਾਲ ਦੇ ਹੋ ਗਏ ਹਨ। ਜੇ ਕੋਰੋਨਾ ਮਹਾਮਾਰੀ ਨਾ ਹੁੰਦੀ ਤਾਂ ਉਹ ਆਪਣੇ ਜਨਮ ਦਿਨ ’ਤੇ ਪਰਿਵਾਰ ਦੇ ਮੈਂਬਰਾਂ ਨਾਲ ਘਿਰੇ ਹੁੰਦੇ। ਭਾਰਤ ’ਚ ਕੋਰੋਨਾ ਦੇ ਕਹਿਰ ਕਾਰਨ ਜੀ. ਬਾਲਾਚੰਦਰਨ ਨੂੰ ਇਸ ਵਾਰ ਫੋਨ ’ਤੇ ਵਧਾਈ ਸੰਦੇਸ਼ਾਂ ਨਾਲ ਹੀ ਕੰਮ ਚਲਾਉਣਾ ਪਿਆ ਹੈ। ਇਨ੍ਹਾਂ ’ਚੋਂ ਇੱਕ ਸੰਦੇਸ਼ ਉਸ ਦੀ ਬਹੁਤ ਮਸ਼ਹੂਰ ਭਤੀਜੀ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦਾ ਵੀ ਸੀ।

ਉਨ੍ਹਾਂ ਨੇ ਨਵੀਂ ਦਿੱਲੀ ’ਚ ਆਪਣੇ ਘਰ ’ਚੋਂ ਜ਼ੂਮ ’ਤੇ ਦਿੱਤੀ ਇੱਕ ਇੰਟਰਵਿਊ ’ਚ ਬੁੱਧਵਾਰ ਕਿਹਾ “ਬਦਕਿਸਮਤੀ ਨਾਲ ਕੋਰੋਨਾ ਦੇ ਕਹਿਰ ਕਾਰਨ ਮੈਂ ਕੋਈ ਵੱਡਾ ਪ੍ਰੋਗਰਾਮ ਨਹੀਂ ਕਰ ਸਕਿਆ।’’ ਹੈਰਿਸ ਦੇ ਮਾਮੇ ਨੇ ਕਿਹਾ ਕਿ ਉਸ ਨੇ ਹੈਰਿਸ ਅਤੇ ਉਸ ਦੇ ਪਤੀ ਡੱਗ ਐੱਮਹਾਫ ਨਾਲ ਕੁਝ ਸਮਾਂ ਪਹਿਲਾਂ ਗੱਲਬਾਤ ਕੀਤੀ ਸੀ। ਗੱਲਬਾਤ ਦੇ ਅਖੀਰ ’ਚ ਹੈਰਿਸ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਉਸ ਦੀ ਧੀ, ਜੋ ਵਾਸ਼ਿੰਗਟਨ ਵਿਚ ਰਹਿੰਦੀ ਹੈ, ਦੀ ਦੇਖਭਾਲ ਕਰੇਗੀ।

ਮਾਰਚ ’ਚ ਹੋਈ ਗੱਲਬਾਤ ਨੂੰ ਯਾਦ ਕਰਦਿਆਂ ਬਾਲਾਚੰਦਰਨ ਨੇ ਦੱਸਿਆ ਕਿ ਉਸ ਦੀ ਭਤੀਜੀ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ “ਚਿੰਤਾ ਨਾ ਕਰੋ, ਮਾਮਾ ਜੀ। ਮੈਂ ਤੁਹਾਡੀ ਧੀ ਦੀ ਦੇਖਭਾਲ ਕਰਾਂਗੀ। ਮੈਂ ਸਮੇਂ-ਸਮੇਂ ’ਤੇ ਉਸ ਨਾਲ ਗੱਲਾਂ ਕਰਦੀ ਰਹਿੰਦੀ ਹਾਂ।” ਬਾਲਚੰਦਰਨ ਅਤੇ ਹੈਰਿਸ ਵਿਚਕਾਰ ਇਹ ਆਖਰੀ ਗੱਲਬਾਤ ਸੀ। ਉਸ ਸਮੇਂ ਤੋਂ ਕੋਰੋਨਾ ਵਾਇਰਸ ਭਾਰਤ ’ਚ ਬੇਕਾਬੂ ਹੋ ਗਿਆ ਹੈ। ਭਾਰਤ ’ਚ ਇਸ ਸੰਕਟ ਨੇ ਬਾਈਡੇਨ ਪ੍ਰਸ਼ਾਸਨ ਲਈ ਕੂਟਨੀਤਕ ਅਤੇ ਮਨੁੱਖਤਾਵਾਦੀ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ ਪਰ ਇਹ ਹੈਰਿਸ ਲਈ ਨਿੱਜੀ ਵੀ ਹੈ ਕਿਉਂਕਿ ਉਸ ਦੀ ਮਾਂ ਭਾਰਤੀ ਮੂਲ ਦੀ ਹੈ ਅਤੇ ਉਸ ਨੇ ਆਪਣੇ ਸਿਆਸੀ ਜੀਵਨ ਵਿੱਚ ਭਾਰਤ ਦੀਆਂ ਕਈ ਮੁਲਾਕਾਤਾਂ ਦਾ ਜ਼ਿਕਰ ਕੀਤਾ ਹੈ।
 

Manoj

This news is Content Editor Manoj