ਜਰਮਨੀ ਤੇ ਅਮਰੀਕਾ ਵਿਚਾਲੇ ਸਬੰਧ ਗੁੰਝਲਦਾਰ ਹਨ : ਜਰਮਨ ਮੰਤਰੀ

06/07/2020 7:24:23 PM

ਬਰਲਿਨ - ਜਰਮਨੀ ਦੇ ਇਕ ਸੀਨੀਅਰ ਮੰਤਰੀ ਨੇ ਆਖਿਆ ਹੈ ਕਿ ਅਮਰੀਕਾ ਦੇ ਨਾਲ ਜਰਮਨੀ ਦੇ ਸਬੰਧ ਗੁੰਝਲਦਾਰ ਹਨ ਅਤੇ ਉਨ੍ਹਾਂ ਨੇ ਸ਼ੱਕ ਜਤਾਇਆ ਕਿ ਅਮਰੀਕਾ ਦਾ ਘਰੇਲੂ ਕਲੇਸ਼ ਅੰਤਰਰਾਸ਼ਟਰੀ ਤਣਾਅ ਨੂੰ ਹੋਰ ਵਧਾ ਸਕਦਾ ਹੈ। ਵਿਦੇਸ਼ ਮੰਤਰੀ ਹੇਇਕੋ ਮਾਸ ਨੇ ਐਤਵਾਰ ਨੂੰ ਪ੍ਰਕਾਸ਼ਿਤ ਇਕ ਬਿਆਨ ਵਿਚ ਆਖਿਆ ਕਿ ਜੇਕਰ ਅਮਰੀਕਾ ਜਰਮਨੀ ਵਿਚ ਤਾਇਨਾਤ ਆਪਣੇ ਹਜ਼ਾਰਾਂ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਯੋਜਨਾ ਨੂੰ ਅਮਲ ਵਿਚ ਲਿਆਉਂਦਾ ਹੈ ਤਾਂ ਬਰਲਿਨ ਇਸ 'ਤੇ ਗੌਰ ਕਰੇਗਾ। ਮਾਸ ਨੇ ਹਫਤਾਵਾਰੀ 'ਬਿਲਡ ਐਮ ਸੋਂਟਾਗ' ਨਾਲ ਗੱਲਬਾਤ ਵਿਚ ਆਖਿਆ ਕਿ ਜਰਮਨੀ ਅਮਰੀਕੀ ਬਲਾਂ ਦੇ ਨਾਲ ਦਹਾਕਿਆਂ ਦੇ ਸਹਿਯੋਗ ਨੂੰ ਮਹੱਤਵ ਦਿੰਦਾ ਹੈ ਅਤੇ ਇਹ ਦੋਹਾਂ ਦੇਸ਼ਾਂ ਦੇ ਹਿੱਤ ਵਿਚ ਹੈ।

'ਵਾਲ ਸਟ੍ਰੀਟ ਜਨਰਲ' ਨੇ ਸ਼ੁੱਕਰਵਾਰ ਨੂੰ ਆਪਣੀ ਇਕ ਖਬਰ ਵਿਚ ਕਿਹਾ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਂਟਾਗਨ ਨੂੰ ਜਰਮਨੀ ਵਿਚ ਆਪਣੇ ਫੌਜੀਆਂ ਦੀ ਗਿਣਤੀ ਘਟਾ ਕੇ 9,500 ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਆਖਿਆ ਕਿ ਜਰਮਨੀ ਅਤੇ ਅਮਰੀਕਾ ਟ੍ਰਾਂਸ ਐਟਲਾਂਟਿਕ ਗਠਜੋੜ ਵਿਚ ਸਹਿਯੋਗੀ ਹਨ ਪਰ ਇਹ ਗੁੰਝਲਦਾਰ ਹੈ। ਮਾਸ ਨੇ ਇਸ ਗੱਲ 'ਤੇ ਚਿੰਤਾ ਵਿਅਕਤ ਕੀਤੀ ਕਿ ਅਮਰੀਕੀ ਰਾਸ਼ਟਰਪਤੀ ਚੋਣ ਪ੍ਰਚਾਰ ਨਾਲ ਅਮਰੀਕਾ ਦਾ ਹੋਰ ਧਰੁਵੀਕਰਣ ਹੋ ਸਕਦਾ ਹੈ ਅਤੇ ਲੁਭਾਊ ਸਿਆਸਤ ਨੂੰ ਹੋਰ ਵਧਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਦੋਂ ਦੇਸ਼ ਦੇ ਅੰਦਰ ਸਹਿ-ਮੌਜੂਦਗੀ ਨਾ ਸਿਰਫ ਮੁਸ਼ਕਿਲ ਹੋ ਜਾਂਦੀ ਹੈ ਬਲਕਿ ਅੰਤਰਰਾਸ਼ਟਰੀ ਪੱਧਰ 'ਤੇ ਵੀ ਸੰਘਰਸ਼ ਨੂੰ ਹਵਾ ਦਿੰਦੀ ਹੈ। ਮਾਸ ਨੇ ਅਮਰੀਕਾ ਵਿਚ ਨਸਲੀ ਭੇਦਭਾਵ ਦੇ ਵਿਰੋਧ ਵਿਚ ਹੋ ਰਹੇ ਪ੍ਰਦਰਸ਼ਨਾਂ 'ਤੇ ਰਿਪਬਲਿਕਨ ਪਾਰਟੀ ਨਾਲ ਸਬੰਧ ਰੱਖਣ ਵਾਲੇ ਰਾਸ਼ਟਰਪਤੀ ਜਾਰਜ ਡਬਲਯੂ. ਬੁਸ਼ ਅਤੇ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਤੋਂ ਉਮੀਦਵਾਰ ਜੋਅ ਬਾਇਡੇਨ ਦੇ ਰੁਖ ਦੀ ਤਰੀਫ ਕੀਤੀ ਅਤੇ ਆਖਿਆ ਕਿ ਇਸ ਨਾਲ ਮੈਨੂੰ ਉਮੀਦ ਹੈ ਕਿ ਦੋਹਾਂ ਖੇਮਿਆਂ ਵਿਚ ਜ਼ਿੰਮੇਵਾਰ ਲੋਕ ਹਨ। ਮੈਂ ਸੱਚੀ ਉਮੀਦ ਕਰਦਾ ਹਾਂ ਕਿ ਸਮਝਦਾਰ ਲੋਕ ਜਿੱਤਣਗੇ।

Khushdeep Jassi

This news is Content Editor Khushdeep Jassi