ਰੀਫਿਊਜੀਆਂ ਨੂੰ ਸਵੀਕਾਰ ਕਰਨ ਦੀ ਸਮਾਂ ਸੀਮਾ ਵਧਾਈ: ਜੌਹਨ ਮੈਕੈਲਮ

11/26/2015 3:25:05 PM


ਕੈਲਗਰੀ (ਰਾਜੀਵ ਸ਼ਰਮਾ)— ਮੌਜੂਦਾ ਲਿਬਰਲ ਸਰਕਾਰ ਨੇ 25000 ਸੀਰੀਆਈ ਰੀਫਿਊਜੀਆਂ ਨੂੰ ਪਨਾਹ ਦੇਣ ਲਈ ਖੁਦ ਨੂੰ ਇਸ ਸਾਲ ਦੇ ਅੰਤ ਤੱਕ ਦਾ ਸਮਾਂ ਦਿੱਤਾ ਸੀ, ਜਿਸ ਨੂੰ ਹੁਣ ਵਧਾ ਦਿੱਤਾ ਗਿਆ ਹੈ। ਟਰੂਡੋ ਸਰਕਾਰ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਹ ਇਹ ਟੀਚਾ ਫਰਵਰੀ 2016 ਤੱਕ ਪੂਰਾ ਕਰੇਗੀ। ਸਰਕਾਰ ਪ੍ਰਾਈਵੇਟ ਪੱਧਰ ''ਤੇ ਸਪਾਂਸਰ ਕੀਤੇ ਗਏ ਰੀਫਿਊਜੀਆਂ ਨੂੰ ਵੀ ਆਪਣੇ ਇਸ ਟੀਚੇ ਵਿਚ ਸ਼ਾਮਲ ਮੰਨੇਗੀ ਤੇ ਪਹਿਲੀ ਨਵੰਬਰ ਤੋਂ ਕੈਨੇਡਾ ਵਿਚ ਦਾਖਲ ਹੋਣ ਵਾਲੇ ਕਿਸੇ ਵੀ ਸੀਰੀਆਈ ਰੀਫਿਊਜੀ ਨੂੰ ਵੀ ਆਪਣੇ ਇਸ ਟੀਚੇ ਦਾ ਹਿੱਸਾ ਮੰਨੇਗੀ। ਸਰਕਾਰ ਨੂੰ ਉਮੀਦ ਹੈ ਕਿ ਪ੍ਰਾਈਵੇਟ ਪੱਧਰ ''ਤੇ ਸਪਾਂਸਰ ਕੀਤੇ ਗਏ 10,000 ਸੀਰੀਆਈ ਰੀਫਿਊਜੀ ਕੈਨੇਡਾ ਆ ਸਕਦੇ ਹਨ, ਜੋ ਉਨ੍ਹਾਂ ਦੇ ਟੀਚੇ ਦਾ 40 ਫੀਸਦੀ ਹੋਵੇਗਾ। ਸਮਾਂ ਸੀਮਾ ਨੂੰ ਅੱਗੇ ਪਾਉਣ ਦੇ ਸਰਕਾਰੀ ਅਧਿਕਾਰੀਆਂ ਵੱਲੋਂ ਕਈ ਕਾਰਨ ਦੱਸੇ ਜਾ ਰਹੇ ਹਨ। ਇਹ ਵੀ ਆਖਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਵਿਚ ਕਈ ਚੁਣੌਤੀਆਂ ਹਨ ਜਿਵੇਂ ਕਿ ਮੇਜ਼ਬਾਨ ਮੁਲਕਾਂ ਤੋਂ ਐਗਜ਼ਿਟ ਵੀਜ਼ਾ ਹਾਸਲ ਕਰਨਾ ਤੇ ਕੈਨੇਡੀਅਨ ਕਮਿਊਨਿਟੀਜ਼ ਵੱਲੋਂ ਰੀਫਿਊਜੀਆਂ ਨੂੰ ਪਨਾਹ ਦੇਣਾ ਯਕੀਨੀ ਬਣਾਇਆ ਜਾਣਾ ਆਦਿ। 
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਅਜੇ ਵੀ ਜਿੰਨੀ ਜਲਦੀ ਹੋ ਸਕੇ ਰੀਫਿਊਜੀਆਂ ਨੂੰ ਕੈਨੇਡਾ ਲਿਆਉਣਾ ਚਾਹੁੰਦੀ ਹੈ ਪਰ ਇਸ ਗੱਲ ਤੋਂ ਵੀ ਪਾਸਾ ਨਹੀਂ ਵੱਟਿਆ ਜਾ ਸਕਦਾ ਕਿ 15000 ਰਫਿਊਜੀਆਂ ਨੂੰ ਨਵੇਂ ਸਾਲ ਦੇ ਪਹਿਲੇ ਹਫਤਿਆਂ ਤੱਕ ਇੰਤਜ਼ਾਰ ਕਰਨਾ ਹੋਵੇਗਾ। ਜੌਹਨ ਮੈਕੈਲਮ ਨੇ ਦੱਸਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਜਲਦ ਤੋਂ ਜਲਦ ਰੀਫਿਊਜੀਆਂ ਨੂੰ ਕੈਨੇਡਾ ਲਿਆਉਣਾ ਚਾਹੁੰਦੇ ਹਾਂ ਪਰ ਅਸੀਂ ਇਹ ਕੰਮ ਸਹੀ ਢੰਗ ਨਾਲ ਵੀ ਕਰਨਾ ਚਾਹੁੰਦੇ ਹਾਂ। ਉਨ੍ਹਾਂ ਆਖਿਆ ਕਿ ਇਸ ਪ੍ਰੋਗਰਾਮ ਨੂੰ ਅੱਗੇ ਪਾਉਣ ਨਾਲ ਰੀਫਿਊਜੀਆਂ ਲਈ ਘਰ ਮੁਹੱਈਆ ਕਰਵਾਉਣ ਤੇ ਭਾਸ਼ਾ ਦੀ ਟਰੇਨਿੰਗ ਦਾ ਕੰਮ ਪੂਰਾ ਹੋ ਸਕੇਗਾ। ਇਸ ਯੋਜਨਾ ਉੱਤੇ ਅਗਲੇ ਛੇ ਸਾਲਾਂ ਵਿਚ 687 ਮਿਲੀਅਨ ਡਾਲਰ ਖਰਚ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਪ੍ਰੋਗਰਾਮ ਦੇ ਪਹਿਲੇ ਦੋ ਸਾਲਾਂ ਵਿੱਚ ਕਾਫੀ ਪੈਸਾ ਖਰਚ ਹੋਵੇਗਾ।

Kulvinder Mahi

This news is News Editor Kulvinder Mahi