ਕੈਨੇਡਾ ’ਚ ਮੁੜ ਫਿੱਕੀ ਰਹੀ ਰਾਏਸ਼ੁਮਾਰੀ, ਭਾਰਤੀ ਭਾਈਚਾਰਿਆਂ ’ਚ ਤਣਾਅ ਪੈਦਾ ਕਰ ਰਹੇ ਮੁੱਠੀ ਭਰ ਖਾਲਿਸਤਾਨੀ

07/19/2023 9:36:34 AM

ਜਲੰਧਰ (ਇੰਟ.)– ਕੈਨੇਡਾ ਵਿਚ ਖਾਲਿਸਤਾਨੀਆਂ ਦੀ ਬੀਤੇ ਐਤਵਾਰ ਨੂੰ ਹੋਈ ਰਾਏਸ਼ੁਮਾਰੀ ਮੁੜ ਫਿੱਕੀ ਰਹੀ। ਦੱਸਿਆ ਜਾ ਰਿਹਾ ਹੈ ਕਿ ਭਾਰਤ ਵਲੋਂ ਕੈਨੇਡਾ ਸਰਕਾਰ ’ਤੇ ਬਣਾਏ ਜਾ ਰਹੇ ਦਬਾਅ ਕਾਰਨ ਰਾਏਸ਼ੁਮਾਰੀ ਵਿਚ ਆਉਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਜਿਸ ਹਿਸਾਬ ਨਾਲ ਇਸ ਰਾਏਸ਼ੁਮਾਰੀ ਦਾ ਪ੍ਰਚਾਰ ਕੀਤਾ ਗਿਆ ਸੀ, ਉਸ ਹਿਸਾਬ ਨਾਲ ਇਸ ਵਿਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਮੁੱਠੀ ਭਰ ਰਹਿ ਗਈ ਹੈ। ਇਸ ਰਾਏਸ਼ੁਮਾਰੀ ਨੂੰ ਭਾਰਤ ਵਲੋਂ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ (ਐੱਸ. ਜੇ. ਐੱਫ.) ਵਲੋਂ ਹੀ ਕਰਵਾਇਆ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਕੁਝ ਖਾਲਿਸਤਾਨੀ ਰਾਏਸ਼ੁਮਾਰੀ ਦੇ ਨਾਂ ’ਤੇ ਭਾਰਤੀ ਭਾਈਚਾਰੇ ਦੇ ਲੋਕਾਂ ਵਿਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਭਾਰਤ ਨੇ ਇਸ ਵਾਰ ਵੀ ਪ੍ਰਗਟਾਇਆ ਸੀ ਇਤਰਾਜ਼

ਭਾਰਤ ਨੇ ਇਸ ਵਾਰ ਕਰਵਾਈ ਗਈ ਰਾਏਸ਼ੁਮਾਰੀ ’ਤੇ ਵੀ ਇਤਰਾਜ਼ ਪ੍ਰਗਟਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਬ੍ਰੈਂਪਟਨ ਵਿਚ ਹੋਈ ਰਾਏਸ਼ੁਮਾਰੀ ਵਿਚ ਪ੍ਰਸ਼ਾਸਨ ਨੇ ਜਨਤਕ ਭਾਚੀਚਾਰਕ ਕੇਂਦਰ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ ਪਰ ਇਸ ਵਾਰ ਭਾਰਤ ਦੇ ਦਬਾਅ ਕਾਰਨ ਐੱਸ. ਜੇ. ਐੱਫ. ਨੂੰ ਆਯੋਜਨ ਲਈ ਅਜਿਹੀ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਹਾਲਾਂਕਿ ਐੱਸ. ਜੇ. ਐੱਫ. ਨੇ ਦਾਅਵਾ ਕੀਤਾ ਸੀ ਕਿ ਇਹ ਰਾਏਸ਼ੁਮਾਰੀ ਉਨ੍ਹਾਂ ਲੋਕਾਂ ਲਈ ਕਰਵਾਈ ਜਾ ਰਹੀ ਹੈ, ਜੋ ਪਹਿਲਾਂ ਵੋਟ ਦੇਣ ਤੋਂ ਖੁੰਝ ਗਏ ਸਨ। ਪੋਲਿੰਗ ਕੇਂਦਰ ਦਾ ਨਾਂ ਕੈਨੇਡੀਅਨ ਵਾਸੀ ਮੋਹਿੰਦਰ ਸਿੰਘ ਕੂਨਰ ਦੇ ਨਾਂ ’ਤੇ ਰੱਖਿਆ ਗਿਆ ਹੈ, ਜਿਸ ਨੂੰ 1989 ਨੂੰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਰਾਜਸਥਾਨ ਵਿਚ ਬੀ. ਐੱਸ. ਐੱਫ. ਨੇ ਮਾਰ ਦਿੱਤਾ ਸੀ। ਕੂਨਰ ਦਾ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਨਾਲ ਸਿੱਧਾ ਸੰਬੰਧ ਸੀ। ਇਹ ਦੋਵੇਂ ਸੰਗਠਨ ਕੈਨੇਡਾ ਵਿਚ ਅੱਤਵਾਦੀ ਸੰਗਠਨਾਂ ਦੇ ਰੂਪ ਵਿਚ ਪਾਬੰਦੀਸ਼ੁਦਾ ਹਨ।

ਪੰਜਾਬ ਸਰਕਾਰ ਵੀ ਅਪਣਾ ਰਹੀ ਹੈ ਸਖਤ ਰੁਖ

ਰਾਏਸ਼ੁਮਾਰੀ ਫੇਲ ਹੋਣ ਦਾ ਇਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਤੋਂ ਕੈਨੇਡਾ ਪੜ੍ਹਨ ਗਏ ਵਿਦਿਆਰਥੀਆਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਭਾਰਤ ਵਿਰੋਧੀ ਸਰਗਰਮੀਆਂ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਕੈਨੇਡਾ ਵਿਚ ਭਾਰਤ ਵਿਰੋਧੀ ਸਰਗਰਮੀਆਂ ਨੂੰ ਲੈ ਕੇ ਸਖਤ ਰੁਖ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਤੋਂ ਕੈਨੇਡਾ ਪੜ੍ਹਨ ਜਾਣ ਵਾਲੇ ਵਿਦਿਆਰਥੀ ਜੇਕਰ ਉਥੇ ਭਾਰਤ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੈਨੇਡਾ ਦੀ ਨਾਗਰਿਕਤਾ ਲਈ ਸਰਕਾਰ ਤੋਂ ਮਿਲਣ ਵਾਲੀ ਕਲੀਅਰੈਂਸ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਵਿਦਿਆਰਥੀਆਂ ਨੂੰ ਗੁਮਰਾਹ ਕਰ ਰਿਹਾ ਹੈ ਐੱਸ. ਜੇ. ਐੱਫ.

ਜ਼ਿਕਰਯੋਗ ਹੈ ਕਿ ਅੱਤਵਾਦੀ ਗੁਰਪਤਵੰਤ ਪਨੂੰ ਦਾ ਸੰਗਠਨ ਐੱਸ. ਜੇ. ਐੱਫ. ਪੰਜਾਬ ਤੋਂ ਕੈਨੇਡਾ ਪੜ੍ਹਾਈ ਲਈ ਜਾਣ ਵਾਲੇ ਸਿੱਖ ਭਾਈਚਾਰੇ ਦੇ ਬੱਚਿਆਂ ਨੂੰ ਗੁਮਰਾਹ ਕਰ ਕੇ ਆਪਣੀ ਖਾਲਿਸਤਾਨੀ ਸਿਆਸਤ ਨੂੰ ਜ਼ਿੰਦਾ ਰੱਖਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਐਸੋਸੀਏਟ ਟਾਈਮਜ਼ ਵਲੋਂ ਕਰਵਾਏ ਗਏ ਸਰਵੇ ਵਿਚ ਪਾਇਆ ਗਿਆ ਹੈ ਕਿ ਖਾਲਿਸਤਾਨੀ ਹਮਾਇਤੀ ਵਿਦੇਸ਼ਾਂ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਕੋਲੋਂ ਭਾਰਤ ਵਿਚ ਖਾਲਿਸਤਾਨ ਅੰਦੋਲਨ ਚਲਾਉਣ ਦੇ ਪੈਸੇ ਇਕੱਠੇ ਕਰਦੇ ਹਨ। ਇਸ ਪੈਸੇ ਨੂੰ ਉਹ ਕਦੇ ਭਾਰਤ ਭੇਜਦੇ ਹੀ ਨਹੀਂ ਹਨ ਅਤੇ ਵਿਦੇਸ਼ਾਂ ਵਿਚ ਆਪਣੇ ਲਈ ਜਾਇਦਾਦਾਂ ਖਰੀਦ ਰਹੇ ਹਨ।

cherry

This news is Content Editor cherry