ਸਿਹਤ ਮਾਹਰਾਂ ਦੀ ਵਧੀ ਚਿੰਤਾ, ਠੀਕ ਹੋਏ ਮਰੀਜ਼ਾਂ ''ਚ ਮੁੜ ''ਐਕਟਿਵ'' ਹੋ ਰਿਹੈ ਕੋਰੋਨਾ

04/11/2020 3:32:47 PM

ਸਿਓਲ- ਕੋਰੋਨਾਵਾਇਰਸ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਵਿਚ ਦੁਬਾਰਾ ਪਾਜ਼ੀਟਿਵ ਆਉਣ ਦੀ ਘਟਨਾ ਸਾਹਮਣੇ ਆਈ ਹੈ। ਸਾਊਥ ਕੋਰੀਆ ਵਿਚ 40 ਨਵੇਂ ਮਾਮਲੇ ਦੁਬਾਰਾ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ 51 ਲੋਕ ਠੀਕ ਹੋਣ ਤੋਂ ਬਾਅਦ ਮੁੜ ਪਾਜ਼ੀਟਿਵ ਮਿਲੇ ਸਨ। ਇਸ ਘਟਨਾ ਨੇ ਸਿਹਤ ਮਾਹਰਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ।

ਹੁਣ ਤੱਕ ਅਜਿਹਾ ਸਮਝਿਆ ਜਾ ਰਿਹਾ ਹੈ ਕਿ ਇਕ ਵਾਰ ਇਨਫੈਕਸ਼ਨ ਹੋਣ ਤੋਂ ਬਾਅਦ ਕੋਰੋਨਾਵਾਇਰਸ ਮਰੀਜ਼ ਜੇਕਰ ਠੀਕ ਹੋ ਜਾਵੇ ਤਾਂ ਉਹ ਕੋਰੋਨਾਵਾਇਰਸ ਨੂੰ ਲੈ ਕੇ ਇਮਿਊਨਿਟੀ ਵਿਕਸਿਤ ਕਰ ਲੈਂਦਾ ਹੈ। ਪਰ ਨਵੇਂ ਮਾਮਲਿਆਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਸਾਊਥ ਕੋਰੀਆ ਵਿਚ ਹੁਣ ਤੱਕ ਕੁੱਲ 91 ਮਰੀਜ਼ ਸਾਹਮਣੇ ਆਏ ਹਨ, ਜਿਹਨਾਂ ਨੂੰ ਠੀਕ ਹੋ ਗਏ ਸਮਝਿਆ ਗਿਆ ਸੀ। ਉਹਨਾਂ ਨੂੰ ਕੁਆਰੰਟੀਨ ਤੋਂ ਬਾਹਰ ਕੱਢ ਲਿਆ ਗਿਆ ਸੀ ਪਰ ਬਾਅਦ ਵਿਚ ਅਹਿਤਿਆਤ ਦੇ ਲਈ ਜਾਂਚ ਕੀਤੀ ਗਈ ਤਾਂ ਉਹ ਮੁੜ ਪਾਜ਼ੀਟਿਵ ਨਿਕਲੇ।

ਸਾਊਥ ਕੋਰੀਆ ਦੇ ਸਿਹਤ ਅਧਿਕਾਰੀਆਂ ਨੂੰ ਇਸ ਗੱਲ ਦੀ ਵੀ ਚਿੰਤਾ ਹੋ ਰਹੀ ਹੈ ਕਿ ਕੋਰੋਨਾਵਾਇਰਸ ਨਾਲ ਦੁਬਾਰਾ ਪਾਜ਼ੀਟਿਵ ਹੋਣ ਦੀ ਖਬਰ ਸੁਣ ਕੇ ਆਮ ਲੋਕ ਪੈਨਿਕ ਹੋ ਸਕਦੇ ਹਨ। ਕੋਰੀਆ ਦੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਦੇ ਡਾਇਰੈਕਟਰ ਜਿਓਂਗ ਇਓਨ ਕੇਓਂਗ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਵਾਇਰਸ ਦੁਬਾਰਾ ਐਕਟਿਵ ਹੋਵੇਗਾ। ਹਾਲਾਂਕਿ ਸਿਹਤ ਅਧਿਕਾਰੀ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਤਾਂਕਿ ਪੁਖਤਾ ਨਤੀਜਿਆਂ 'ਤੇ ਪਹੁੰਚਿਆ ਜਾ ਸਕੇ ਕਿ ਕਿਵੇਂ ਮਰੀਜ਼ਾ ਦੁਬਾਰਾ ਪਾਜ਼ੀਟਿਵ ਹੋ ਗਏ।

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਕੋਰੀਆ ਯੂਨੀਵਰਸਿਟੀ ਦੇ ਗੁਰੋ ਹਸਪਤਾਲ ਵਿਚ ਇਨਫੈਕਸ਼ਨ ਦੇ ਰੋਗਾਂ ਦੇ ਪ੍ਰੋਫੈਸਰ ਕਿਮ ਵੂ ਜੂ ਨੇ ਕਿਹਾ ਕਿ ਇਹ ਅੰਕੜਾ ਅੱਗੇ ਵਧੇਗਾ। 91 ਤਾਂ ਸਿਰਫ ਸ਼ੁਰੂਆਤ ਹੈ। ਦੱਸ ਦਈਏ ਕਿ ਕੋਰੋਨਾਵਾਇਰਸ 'ਤੇ ਕੰਟਰੋਲ ਹਾਸਲ ਕਰਨ ਦੇ ਲਈ ਸਾਊਥ ਕੋਰੀਆ ਦੀ ਬਹੁਤ ਸ਼ਲਾਘਾ ਹੋਈ ਹੈ। ਸਾਊਥ ਕੋਰੀਆ ਨੇ ਵੱਡੇ ਪੈਮਾਨੇ 'ਤੇ ਟੈਸਟਿੰਗ ਤੇ ਹੋਰ ਕਦਮ ਚੁੱਕ ਕੇ ਕੋਰੋਨਾਵਾਇਰਸ 'ਤੇ ਕਾਬੂ ਕੀਤਾ ਹੈ। ਇਸ ਦੇਸ਼ ਵਿਚ ਵਾਇਰਸ ਦੇ 10 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਤੇ 208 ਲੋਕਾਂ ਦੀ ਮੌਤ ਹੋਈ ਹੈ।

Baljit Singh

This news is Content Editor Baljit Singh