ਅਮਰੀਕਾ 'ਚ ਖਾਲਸਾ ਸਾਜਨਾ ਦਿਵਸ ਨੂੰ 'ਨੈਸ਼ਨਲ ਸਿੱਖ ਡੇਅ' ਵਜੋਂ ਮਿਲੀ ਮਾਨਤਾ

04/22/2019 7:50:16 PM

ਕੈਨੇਕਟਿਕਟ - ਕੈਨੇਕਟਿਕਟ ਦੇ ਜਨਰਲ ਅਸੈਂਬਲੀ ਮੈਂਬਰ ਜਿਥੇ ਵਿਸਾਖੀ ਦੇ ਪ੍ਰੋਗਰਾਮ ਅਤੇ ਗੁਰਦੁਆਰਾ ਸੱਚਖੰਡ ਦਰਬਾਰ ਹੰਮਡੇਨ ਵਿਖੇ ਸ਼ਾਮਲ ਹੋਏ ਅਤੇ ਸਿੱਖਾਂ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕੀਤਾ, ਉਥੇ 14 ਅਪ੍ਰੈਲ ਨੂੰ 'ਨੈਸ਼ਨਲ ਸਿੱਖ ਡੇਅ' ਵਜੋਂ ਮਨਾਉਣ ਦਾ ਵੀ ਐਲਾਨ ਕੀਤਾ | ਸਵਰਨਜੀਤ ਸਿੰਘ ਖਾਲਸਾ ਮੈਂਬਰ ਨੋਰਵਿਚ ਪਲਾਨਿੰਗ ਬੋਰਡ ਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਇਸ 'ਤੇ ਕੋਸ਼ਿਸ਼ ਕਰ ਰਹੇ ਸਨ ਅਤੇ ਉਨ੍ਹਾਂ ਨੇ 2 ਸਾਲ ਪਹਿਲਾਂ ਕੈਨੇਕਟਿਕਟ ਦੇ 5 ਸ਼ਹਿਰਾਂ ਤੋਂ ਇਸ ਨੂੰ ਮਾਨਤਾ ਦਿਵਾਈ, ਜਿਸ 'ਚ ਨੋਰਵਿਚ, ਨੋਰਵਾਲਕ, ਵੈਸਟ ਹਾਰਟਫਰਡ, ਸਥਿਨਗਤਨ, ਹੰਮਡੇਨ ਸ਼ਾਮਲ ਸਨ।
ਖਾਲਸਾ ਨੇ ਇਹ ਵੀ ਸਾਫ ਕੀਤਾ ਕਿ ਉਨ੍ਹਾਂ ਨੇ ਪਿਛਲੇ ਸਾਲ ਵਿਸਾਖੀ ਨੂੰ ਮਾਨਤਾ ਦਿਵਾਉਣ ਲਈ ਕੈਨੇਕਟਿਕਟ ਦੇ ਯੂ. ਐੱਸ. ਸੈਨੇਟਰ ਕ੍ਰਿਸ ਮੁਰਫੀ ਤੋਂ ਅਮਰੀਕਾ ਦੀ ਸੈਨੇਟ 'ਚ ਵੀ ਸੇਨੇਤ ਰੇਸੋਲੂਸ਼ 469 ਦਾ ਮਤਾ ਵੀ ਪਵਾਇਆ ਸੀ। ਇਸ ਸਾਲ ਸੈਨੇਟਰ ਮੁਰਫੀ ਨੇ ਆਪਣੀ ਚਿੱਠੀ 'ਚ ਜਿਥੇ ਕੈਨੇਕਟਿਕਟ ਦੇ ਸਿੱਖਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ, ਉਥੇ ਇਸ ਨੂੰ 'ਨੈਸ਼ਨਲ ਸਿੱਖ ਡੇਅ' ਕਹਿ ਕੇ ਸੰਬੋਧਨ ਕੀਤਾ।
ਅਮਰੀਕਾ ਦੇ ਕਾਂਗਰਸਮੈਨ ਜੋਅ ਕੋਟਨੀ ਨੇ ਵੀ ਜਿਥੇ ਪਿਛਲੇ ਸਾਲਾਂ 'ਚ ਵਿਸਾਖੀ ਨੂੰ ਅਮਰੀਕਾ ਦੀ ਕਾਂਗਰਸ 'ਚ ਮਾਨਤਾ ਦਿਵਾਈ, ਉਥੇ ਇਸ ਸਾਲ ਖਾਲਸਾ ਸਾਜਨਾ ਦਿਵਸ ਨੂੰ 'ਨੈਸ਼ਨਲ ਸਿੱਖ ਡੇਅ' ਵਜੋਂ ਐਲਾਨ ਕੀਤਾ।
ਉਨ੍ਹਾਂ ਦੱਸਿਆ ਕਿ ਹੁਣ ਅਗਲੇ ਸਾਲ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਇਸ ਨੂੰ ਬਿੱਲ ਦਾ ਰੂਪ ਦੇ ਕੇ ਕਾਨੂੰਨ ਬਣਾਉਣ ਬਾਰੇ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ ਜਿਵੇਂ ਨਵੰਬਰ 1 ਨੂੰ ਹਰ ਸਾਲ 'ਸਿੱਖ ਗੈਨੋਸਾਇਡ ਰਾਮੇਮਬਰੰਸ' ਵਜੋਂ ਮਨਾਉਣ ਦਾ ਕਾਨੂੰਨ ਬਣਿਆ ਹੈ। ਉਸ ਤਰ੍ਹਾਂ ਅਪ੍ਰੈਲ 14 ਨੂੰ ਹਰ ਸਾਲ 'ਨੈਸ਼ਨਲ ਸਿੱਖ ਡੇਅ' ਵਜੋਂ ਮਨਾਉਣ ਦਾ ਕਾਨੂੰਨ ਬਣਾਉਣ ਦਾ ਉਪਰਾਲਾ ਕਰਾਂਗੇ। ਉਨ੍ਹਾਂ ਨੇ ਸਟੇਟ ਸੈਨੇਟਰ ਕੈਥੀ ਓਸਟੇਨ, ਕੇਵਿਨ ਰਯਾਨ, ਡਗ ਡੇਪਿਸਕੀ, ਇਮੀਤ ਰੈਲੀ, ਸਾਊਦ ਅਨਵਰ ਆਦਿ ਹੋਰ ਅਸੈਂਬਲੀ ਮੈਂਬਰਾਂ ਦਾ ਧੰਨਵਾਦ ਕੀਤਾ। ਵਿਸਾਖੀ ਦੇ ਇਸ ਵਿਸ਼ੇਸ਼ ਦੀਵਾਨ ਨੂੰ ਚੜ੍ਹਦੀ ਕਲਾ ਨਾਲ ਮਨਾਉਣ ਲਈ ਉਨ੍ਹਾਂ ਹੰਮਡੇਨ ਗੁਰਦੁਆਰਾ ਦੇ ਮੁੱਖ ਸੇਵਾਦਾਰ ਮਨਮੋਹਨ ਸਿੰਘ ਭਰਾਰਾ ਦਾ ਵੀ ਧੰਨਵਾਦ ਕੀਤਾ।

Khushdeep Jassi

This news is Content Editor Khushdeep Jassi