ਦੇਸ਼ਧਰੋਹ ਮਾਮਲੇ ਵਿਚ ਬਿਆਨ ਦਰਜ ਕਰਵਾਉਣ ਲਈ ਮੁਸ਼ੱਰਫ ਤਿਆਰ

12/10/2019 7:48:45 PM

ਲਾਹੌਰ- ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਨੇ ਇਥੋਂ ਦੀ ਇਕ ਅਦਾਲਤ ਨੂੰ ਸੂਚਿਤ ਕੀਤਾ ਹੈ ਕਿ ਉਹ ਉਹਨਾਂ ਖਿਲਾਫ ਚੱਲ ਰਹੇ ਦੇਸ਼ਧਰੋਹ ਦੇ ਮਾਮਲੇ ਵਿਚ ਦੁਬਈ ਦੇ ਹਸਪਤਾਲ ਨੂੰ ਆਪਣਾ ਬਿਆਨ ਦਰਜ ਕਰਾਉਣ ਦੇ ਲਈ ਤਿਆਰ ਹਨ। ਮੰਗਲਵਾਰ ਨੂੰ ਮੀਡੀਆ ਵਿਚ ਆਈ ਖਬਰ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਮਾਰਚ 2016 ਤੋਂ ਦੁਬਈ ਵਿਚ ਰਹਿ ਰਹੇ ਮੁਸ਼ੱਰਫ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਹਨ ਤੇ ਉਹਨਾਂ 'ਤੇ ਦੇਸ਼ਧਰੋਹ ਦੇ ਦੋਸ਼ ਲੱਗੇ ਹਨ। ਇਹ ਦੋਸ਼ 2007 ਵਿਚ ਸੰਵਿਧਾਨ ਮੁਅੱਤਲ ਕਰਨ ਤੇ ਐਮਰਜੰਸੀ ਐਲਾਨ ਕਰਨ ਦੇ ਕਾਰਨ ਲਗਾਏ ਗਏ ਹਨ। ਇਹ ਦੋਵੇਂ ਹੀ ਸਜ਼ਾਯੋਗ ਅਪਰਾਧ ਹਨ। ਉਹਨਾਂ ਦੇ ਖਿਲਾਫ 2014 ਵਿਚ ਇਹ ਦੋਸ਼ ਤੈਅ ਕਰ ਦਿੱਤੇ ਗਏ ਸਨ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮੁਸ਼ੱਰਫ ਇਲਾਜ ਦੇ ਨਾਂ 'ਤੇ ਦੁਬਈ ਗਏ ਸਨ ਤੇ ਸੁਰੱਖਿਆ ਤੇ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਉਦੋਂ ਤੋਂ ਪਾਕਿਸਤਾਨ ਨਹੀਂ ਪਰਤੇ। ਐਕਸਪ੍ਰੈੱਸ ਟ੍ਰਿਬਿਊਨ ਦੀ ਖਬਰ ਮੁਤਾਬਕ ਲਾਹੌਰ ਹਾਈ ਕੋਰਟ ਨੇ ਮੁਸ਼ੱਰਫ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਮੰਗਲਵਾਰ ਨੂੰ ਮੁੜ ਸ਼ੁਰੂ ਕਰ ਦਿੱਤੀ ਸੀ। ਇਸ ਵਿਚ ਮੁਸ਼ੱਰਫ ਨੇ ਉਹਨਾਂ ਦੇ ਖਿਲਾਫ ਚੱਲ ਰਹੇ ਦੇਸ਼ਧਰੋਹ ਦੇ ਮੁਕੱਦਮੇ 'ਤੇ ਉਦੋਂ ਤੱਕ ਰੋਕ ਲਾਉਣ ਦੀ ਅਪੀਲ ਕੀਤੀ ਹੈ ਜਦੋਂ ਤੱਕ ਕਿ ਉਹ ਸਿਹਤਮੰਦ ਨਾ ਹੋ ਜਾਣ ਤੇ ਅਦਾਲਤ ਦੇ ਸਾਹਮਣੇ ਪੇਸ਼ ਨਾ ਹੋ ਜਾਣ।

ਅਖਬਾਰ ਵਿਚ ਕਿਹਾ ਗਿਆ ਕਿ ਮੁਸ਼ੱਰਫ, ਜੋ ਕਿ ਅਸਧਾਰਣ ਬੀਮਾਰੀ ਦੇ ਇਲਾਜ ਲਈ ਦੁਬਈ ਵਿਚ ਹਨ, ਨੇ ਹਸਪਤਾਲ ਦੇ ਆਪਣੇ ਬੈੱਡ ਤੋਂ ਇਕ ਵੀਡੀਓ ਸੰਦੇਸ਼ ਰਿਕਾਰਡ ਕੀਤਾ ਹੈ, ਜਿਸ ਵਿਚ ਉਹਨਾਂ ਨੇ ਕਿਹਾ ਕਿ ਉਹ ਮਾਮਲੇ ਵਿਚ ਆਪਣਾ ਬਿਆਨ ਦਰਜ ਕਰਵਾਉਣ ਲਈ ਤਿਆਰ ਹਨ। ਉਹਨਾਂ ਨੇ ਕਿਹਾ ਕਿ ਇਕ ਨਿਆਇਕ ਕਮਿਸ਼ਨ ਇਥੇ ਆ ਸਕਦਾ ਹੈ ਤੇ ਮੇਰਾ ਬਿਆਨ ਦਰਜ ਕਰ ਸਕਦਾ ਹੈ। ਉਸ ਨੂੰ ਮੇਰੀ ਸਿਹਤ ਦੀ ਸਥਿਤੀ ਦੇਖਣੀ ਚਾਹੀਦੀ ਹੈ ਤੇ ਫਿਰ ਫੈਸਲਾ ਲੈਣਾ ਚਾਹੀਦਾ ਹੈ। ਕਮਿਸ਼ਨ ਦੇ ਨਾਲ ਹੀ ਮੇਰੇ ਵਕੀਲ ਨੂੰ ਉਸ ਤੋਂ ਬਾਅਦ ਅਦਾਲਤ ਵਿਚ ਜਾਣਾ ਚਾਹੀਦਾ ਹੈ। ਮੁਸ਼ੱਰਫ ਲੰਬੇ ਸਮੇਂ ਤੋਂ ਇਸ ਗੱਲ 'ਤੇ ਕਾਇਮ ਹਨ ਕਿ ਉਹਨਾਂ ਦੀ ਖਰਾਬ ਸਿਹਤ ਤੇ ਉਹਨਾਂ ਦੀ ਬੁੱਢੀ ਮਾਂ ਦੇ ਕਾਰਨ ਉਹ ਪਾਕਿਸਤਾਨ ਪਰਤਣ ਵਿਚ ਅਸਮਰਥ ਹਨ।

Baljit Singh

This news is Content Editor Baljit Singh