ਇਤਿਹਾਸਕ ਜਿੱਤ ਮਗਰੋਂ ਸਿੱਖ ਮੇਅਰ ਰਵੀ ਭੱਲਾ ਨੇ ਸੰਭਾਲਿਆ ਅਹੁਦਾ

01/04/2018 9:41:54 AM

ਹੋਬੋਕੇਨ— ਸਿੱਖ ਭਾਈਚਾਰੇ ਲਈ ਉਹ ਦਿਨ ਬਹੁਤ ਖਾਸ ਸੀ ਜਦ ਅਮਰੀਕੀ ਸ਼ਹਿਰ ਹੋਬੋਕੇਨ 'ਚ ਪਹਿਲੀ ਵਾਰ ਕੋਈ ਸਿੱਖ ਮੇਅਰ ਚੁਣਿਆ ਗਿਆ ਸੀ। ਇਸ ਅਹੁਦੇ 'ਤੇ ਰਵੀ ਭੱਲਾ ਨੇ ਜਿੱਤ ਦਰਜ ਕੀਤੀ ਸੀ ਅਤੇ ਉਨ੍ਹਾਂ ਨੇ ਬੀਤੇ ਦਿਨੀਂ ਰਸਮੀ ਤੌਰ 'ਤੇ ਇਹ ਅਹੁਦਾ ਸੰਭਾਲਿਆ। ਹੋਬੋਕੇਨ ਦੇ 39ਵੇਂ ਮੇਅਰ ਬਣੇ ਰਵੀ ਭੱਲਾ ਦੀ ਜਿੱਤ ਨੇ ਅਮਰੀਕਾ 'ਚ ਇਤਿਹਾਸ ਰਚ ਦਿੱਤਾ ਸੀ ਕਿਉਂਕਿ ਨਿਊਜਰਸੀ 'ਚ ਪਹਿਲੀ ਵਾਰ ਕੋਈ ਸਿੱਖ ਮੇਅਰ ਬਣਿਆ ਹੈ। 
ਸਹੁੰ ਚੁੱਕ ਅਤੇ ਅਹੁਦਾ ਸੰਭਾਲਣ ਵਾਲੇ ਦਿਨ ਉਨ੍ਹਾਂ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਭ ਦੀਆਂ ਉਮੀਦਾਂ 'ਤੇ ਚੰਗੇ ਉਤਰਨਗੇ। ਆਪਣੇ 12 ਪੰਨਿਆਂ ਦੇ ਪਹਿਲੇ ਹੁਕਮ 'ਚ ਉਨ੍ਹਾਂ ਨੇ ਹੁਕਮ ਦਿੱਤਾ ਕਿ ਉਹ ਕਿਸੇ ਵੀ ਵਿਅਕਤੀ ਤੋਂ ਉਸ ਦੀ ਨਾਗਰਿਕਤਾ ਅਤੇ ਪ੍ਰਵਾਸ ਸਥਿਤੀ ਭਾਵ ਇੰਮੀਗ੍ਰੇਸ਼ਨ ਸਟੇਟਸ ਬਾਰੇ ਨਹੀਂ ਪੁੱਛਣਗੇ। ਨਵੇਂ ਸਾਲ ਦੇ ਜਸ਼ਨਾਂ ਨੂੰ ਰਵੀ ਭੱਲਾ ਵਲੋਂ ਸਹੁੰ ਚੁੱਕਣ ਦੀ ਰਸਮ ਨੇ ਦੁੱਗਣਾ ਕਰ ਦਿੱਤਾ ਤੇ ਇਸ ਮੌਕੇ ਸਿੱਖਾਂ 'ਚ ਬਹੁਤ ਉਤਸ਼ਾਹ ਦੇਖਿਆ ਜਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਅਹੁਦੇ ਦੀਆਂ ਚੋਣਾਂ ਦੌਰਾਨ ਰਵੀ ਭੱਲਾ 'ਤੇ ਨਸਲੀ ਟਿੱਪਣੀ ਕਰਦਿਆਂ ਪੋਸਟਰ ਛਾਪੇ ਗਏ ਸਨ ਅਤੇ ਰਵੀ ਭੱਲਾ ਦੀ ਜਿੱਤ ਨੇ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਸੀ।