ਪਤਨੀ ਅਤੇ ਪੁੱਤਰ ਦੀ ਸੜਕ ਹਾਦਸੇ ''ਚ ਮੌਤ ਦੇ ਲੱਗੇ ਦੋਸ਼ਾਂ ਚੋ.ਰਸ਼ਮਿੰਦਰ ਸਿੰਘ ਬਰੀ

08/18/2017 3:36:21 AM

ਲੰਡਨ (ਰਾਜਵੀਰ ਸਮਰਾ)— ਲੈਸਟਰ ਦੀ ਕਰਾਊਨ ਅਦਾਲਤ ਨੇ ਅੱਜ ਇਕ ਫੈਸਲਾ ਸੁਣਾਉਂਦਿਆਂ ਇਥੋਂ ਦੇ ਇਕ ਪੰਜਾਬੀ ਕਾਰੋਬਾਰੀ ਰਸਮਿੰਦਰ ਸਿੰਘ ਗਿੱਲ 'ਤੇ ਉਸ ਦੀ ਪਤਨੀ ਅਤੇ ਪੁੱਤਰ ਦੀ ਸੜਕ ਹਾਦਸੇ 'ਚ ਮੌਤ ਦੇ ਜ਼ਿੰਮੇਵਾਰ ਹੋਣ ਦੇ ਲੱਗੇ ਦੋਸ਼ਾਂ ਤੋਂ ਮੁਕਤ ਕਰਦਿਆਂ ਬਰੀ ਕਰ ਦਿੱਤਾ ਗਿਆ ਹੈ। ਅਦਾਲਤ ਦੇ ਫੈਸਲੇ 'ਤੇ ਤਸੱਲੀ ਪ੍ਰਗਟ ਕਰਦਿਆਂ ਉਕਤ ਪੰਜਾਬੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਹੁਣ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਤ 'ਤੇ ਦੁੱਖ ਦਾ ਇਜ਼ਹਾਰ ਕਰ ਸਕੇਗਾ।
ਜ਼ਿਕਰਯੋਗ ਹੈ ਕਿ ਉਕਤ ਪੰਜਾਬੀ ਰਸਮਿੰਦਰ ਸਿੰਘ ਗਿੱਲ ਨੂੰ ਪਿਛਲੇ ਕੁਝ ਸਮੇਂ ਤੋਂ ਉਸ ਦੀ ਪਤਨੀ ਅਤੇ ਪੁੱਤਰ ਦੇ ਇਕ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ। ਹਾਦਸੇ ਸਮੇਂ ਰਸਮਿੰਦਰ ਸਿੰਘ ਕਾਰ ਚਲਾ ਰਿਹਾ ਸੀ ਅਤੇ ਉਸ ਦਿਨ ਮੀਂਹ ਬਹੁਤ ਤੇਜ਼ ਪੈ ਰਿਹਾ ਸੀ, ਜਿਸ ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਹਾਦਸੇ 'ਚ ਰਸਮਿੰਦਰ ਸਿੰਘ ਦੀ ਪਤਨੀ ਅਤੇ ਇਕ ਪੁੱਤਰ ਦੀ ਮੌਤ ਹੋ ਗਈ ਸੀ। ਸਰਕਾਰੀ ਪੱਖ ਦੇ ਵਕੀਲ ਵੱਲੋਂ ਪੰਜਾਬੀ 'ਤੇ ਦੋਸ਼ ਲਗਾਏ ਗਏ ਸਨ ਕਿ ਹਾਦਸੇ ਸਮੇਂ ਕਾਰ ਦੀ ਗਤੀ ਬਹੁਤ ਤੇਜ਼ ਸੀ। ਪ੍ਰੰਤੂ ਰਸਮਿੰਦਰ ਸਿੰਘ ਵੱਲੋਂ ਵਾਰ-ਵਾਰ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਠੁਕਰਾਇਆ ਜਾ ਰਿਹਾ ਸੀ। ਹੁਣ ਅਦਾਲਤ ਦੇ ਫੈਸਲੇ ਤੋਂ ਬਾਅਦ ਪੰਜਾਬੀ ਰਸਮਿੰਦਰ ਸਿੰਘ ਨੂੰ ਇਨਸਾਫ ਮਿਲਿਆ। ਰਸਮਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਪੁਲਿਸ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਗਈ।