ਪਾਕਿ ਦੀਆਂ ਜੇਲਾਂ ''ਚ ਕੈਦੀ ਔਰਤਾਂ ਦੇ ਹਾਲਾਤ ਹਨ ਭਿਆਨਕ

12/08/2017 3:48:42 PM

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੀ ਫੈਸਲਾਬਾਦ ਜੇਲ ਤੋਂ 19 ਸਾਲ ਕੈਦ ਦੀ ਸਜ਼ਾ ਕੱਟਣ ਮਗਰੋਂ ਹਾਲ ਵਿਚ ਹੀ ਰਾਣੀ ਬੀਬੀ ਰਿਹਾਅ ਹੋਈ ਹੈ। ਰਿਹਾਈ ਮਗਰੋਂ ਰਾਣੀ ਬੀਬੀ ਨੇ ਜੇਲਾਂ ਵਿਚ ਔਰਤਾਂ ਦੇ ਮਾੜੇ ਹਾਲਾਤ ਦਾ ਜਿਕਰ ਕਰਦੇ ਹੋਏ ਕਿਹਾ ਕਿ ਜੇਲ ਵਿਚ ਔਰਤਾਂ ਦੀ ਸਥਿਤੀ ਭਿਆਨਕ ਹੈ। ਪਾਕਿਸਤਾਨ ਦੇ ਟੀ. ਵੀ. ਚੈਨਲ ਨੇ ਰਾਣੀ ਬੀਬੀ ਦੇ ਹਵਾਲੇ ਨਾਲ ਦੱਸਿਆ ਕਿ ਜੇਲ ਵਿਚ ਕਿਸੇ ਰਾਜਨੇਤਾ, ਜੱਜ ਜਾਂ ਸੀਨੀਅਰ ਅਧਿਕਾਰੀ ਦੇ ਦੌਰੇ ਸਮੇਂ ਔਰਤਾਂ ਨੂੰ ਸ਼ਿਕਾਇਤ ਜਾਂ ਸਵਾਲ ਕਰਨ ਦੀ ਇਜਾਜ਼ਤ ਨਹੀਂ ਹੈ। ਜੇ ਕਈ ਕੈਦੀ ਔਰਤ ਅਜਿਹਾ ਕਰਦੀ ਹੈ ਤਾਂ ਬਾਅਦ ਵਿਚ ਉਸ ਨੂੰ ਥੱਪੜ ਮਾਰੇ ਜਾਂਦੇ ਹਨ। ਰਾਣੀ ਬੀਬੀ ਮੁਤਾਬਕ ਜੇਲ ਪ੍ਰਸ਼ਾਸਨ ਕੈਦੀਆਂ ਦੇ ਭੋਜਨ ਲਈ ਨਿਰਧਾਰਿਤ ਫੰਡ ਨੂੰ ਖਾ ਜਾਂਦਾ ਹੈ। ਕੈਦੀ ਔਰਤਾਂ ਨੂੰ ਉਨ੍ਹਾਂ ਦੇ ਕੋਟੇ ਦਾ ਪੂਰਾ ਖਾਣਾ ਨਹੀਂ ਦਿੱਤਾ ਜਾਂਦਾ। ਉਸ ਨੇ ਕਿਹਾ,'' ਜੇਲ ਸੁਪਰਡੈਂਟ ਦੋ ਔਰਤਾਂ ਨੂੰ ਮਾਂਸ ਦਾ ਸਿਰਫ ਇਕ ਹੀ ਟੁੱਕੜਾ ਦਿੱਤੇ ਜਾਣ ਦਾ ਆਦੇਸ਼ ਜਾਰੀ ਕਰਦੇ ਹਨ।'' ਉਸ ਨੇ ਦੱਸਿਆ ਕਿ ਕੈਦੀ ਔਰਤਾਂ ਨੂੰ ਖਾਲੀ ਪੇਟ ਕੰਮ ਕਰਨਾ ਪੈਂਦਾ ਹੈ। ਇਸ ਕਾਰਨ ਉਨ੍ਹਾਂ ਦੀਆਂ ਸਿਹਤ ਸੰਬੰਧੀ ਪਰੇਸ਼ਾਨੀਆਂ ਹੋਰ ਵੱਧ ਜਾਂਦੀਆਂ ਹਨ। ਰਾਣੀ ਬੀਬੀ ਨੇ ਕਿਹਾ,''ਸਰਕਾਰ ਨੂੰ ਇਨ੍ਹਾਂ ਔਰਤਾਂ ਲਈ ਕੁਝ ਕਰਨਾ ਚਾਹੀਦਾ ਹੈ। ਔਰਤਾਂ ਦੇ ਮਾਮਲਿਆਂ ਦੀ ਸੁਣਵਾਈ ਜਲਦੀ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਜਲਦੀ ਨਿਆਂ ਮਿਲ ਸਕੇ। ਜਿਹੜੀਆਂ ਔਰਤਾਂ ਦੋਸ਼ੀ ਨਹੀਂ ਹਨ ਉਨ੍ਹਾਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ।'' ਗੌਰਤਲਬ ਹੈ ਕਿ ਰਾਣੀ ਬੀਬੀ ਨੇ ਇਕ ਅਜਿਹੇ ਅਪਰਾਧ ਦੀ ਸਜ਼ਾ ਭੁਗਤੀ, ਜੋ ਉਸ ਨੇ ਕੀਤਾ ਹੀ ਨਹੀਂ ਸੀ।