ਐਲਕ ਗਰੋਵ : ਕੈਲੀਫੋਰਨੀਆ ਯੂਨੀਵਰਸਿਟੀ ਕੌਂਸਲ ਲਈ ਰੰਧਾਵਾ ਦੀ ਚੋਣ

12/18/2019 3:38:40 PM

ਸੈਕਰਾਮੈਂਟੋ, (ਰਾਜ ਗੋਗਨਾ)- ਐਲਕ ਗਰੋਵ ਸਿਟੀ ਵਿਖੇ ਲਗਭਗ 1 ਬਿਲੀਅਨ ਡਾਲਰ ਦੇ ਬਜਟ ਦਾ ਮੈਡੀਕਲ ਯੂਨੀਵਰਸਿਟੀ ਅਤੇ ਹਸਪਤਾਲ ਉਸਾਰਿਆ ਜਾ ਰਿਹਾ ਹੈ। ਇਸ ਯੂਨੀਵਰਸਿਟੀ ਦਾ ਕੁੱਝ ਹਿੱਸਾ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ, ਜਿੱਥੇ ਕਿ ਵਿਦਿਆਰਥੀ ਮੈਡੀਕਲ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਪਰ ਆਉਣ ਵਾਲੇ ਸਮੇਂ ਵਿਚ ਇਸ ਨੂੰ ਬਹੁਤ ਵੱਡੇ ਅਦਾਰੇ ਦਾ ਰੂਪ ਦਿੱਤਾ ਜਾ ਰਿਹਾ ਹੈ। ਕੈਲੀਫੋਰਨੀਆ ਨੌਰਥ ਸਟੇਟ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਅਤੇ ਸੀ. ਈ. ਓ. ਐਲਵਿਨ ਚਿਓਂਗ ਨੇ ਇਸ ਕਾਰਜ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ, ਜਿਸ 'ਚ ਪੰਜਾਬੀ ਭਾਈਚਾਰੇ ਵਿਚੋਂ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੀ ਪਹਿਲੀ ਮੀਟਿੰਗ ਯੂਨੀਵਰਸਿਟੀ ਦੇ ਐਗਜ਼ੈਕਟਿਵ ਕਾਨਫਰੰਸ ਰੂਮ ਵਿਚ ਹੋਈ, ਜਿਸ ਦੀ ਪ੍ਰਧਾਨਗੀ ਖੁਦ ਐਲਵਿਨ ਚਿਓਂਗ ਨੇ ਕੀਤੀ। ਇਸ ਮੌਕੇ ਉਨ੍ਹਾਂ ਯੂਨੀਵਰਸਿਟੀ ਦੇ ਮਿੱਥੇ ਪ੍ਰਾਜੈਕਟਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਨਵੀਂ ਐਡਵਾਇਜ਼ਰੀ ਕੌਂਸਲ ਮੈਂਬਰਾਂ ਕੋਲੋਂ ਮਸ਼ਵਰੇ ਵੀ ਲਏ।
 

ਜ਼ਿਕਰਯੋਗ ਹੈ ਕਿ ਇਹ ਬਹੁਮੰਜ਼ਲੀ ਇਮਾਰਤ 100 ਏਕੜਾਂ ਵਿਚ ਬਣਾਈ ਜਾ ਰਹੀ ਹੈ, ਜਿਸ ਵਿਚ 255 ਬੈੱਡਾਂ ਦਾ ਹਸਪਤਾਲ ਵੀ ਹੋਵੇਗਾ ਅਤੇ ਇਸ ਤੋਂ ਇਲਾਵਾ 30 ਬੈੱਡਾਂ ਦਾ ਐਮਰਜੈਂਸੀ ਕੇਂਦਰ ਵੀ ਬਣਾਇਆ ਜਾਵੇਗਾ। ਹਰ ਤਰ੍ਹਾਂ ਦੀ ਸਰਜਰੀ ਦਾ ਇੰਤਜ਼ਾਮ ਵੀ ਇਥੇ ਹੋਵੇਗਾ। ਲਗਭਗ ਹਰ ਤਰ੍ਹਾਂ ਦੇ ਇਲਾਜ ਦਾ ਬੰਦਬੋਸਤ ਇੱਥੇ ਹੋਵੇਗਾ। ਮੀਟਿੰਗ ਦੌਰਾਨ ਨਵੇਂ ਬਣੇ ਸਲਾਹਕਾਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਐਲਕ ਗਰੋਵ ਸਿਟੀ ਵਿਚ ਹਸਪਤਾਲ ਅਤੇ ਯੂਨੀਵਰਸਿਟੀ ਬਣਾਉਣਾ ਇਕ ਚੰਗਾ ਉਪਰਾਲਾ ਹੈ। ਸਥਾਨਕ ਬੱਚਿਆਂ ਨੂੰ ਮੈਡੀਕਲ ਦੀ ਪੜ੍ਹਾਈ ਕਰਨ ਲਈ ਦੂਜੇ ਸ਼ਹਿਰਾਂ ਵਿਚ ਜਾਣਾ ਪੈਂਦਾ ਸੀ ਅਤੇ ਐਮਰਜੈਂਸੀ ਇਲਾਜ ਕਰਵਾਉਣ ਲਈ ਵੀ ਸਥਾਨਕ ਲੋਕਾਂ ਨੂੰ ਦੂਰ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਹਸਪਤਾਲ ਅਤੇ ਯੂਨੀਵਰਸਿਟੀ ਦੇ ਬਣਨ ਨਾਲ ਸਥਾਨਕ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ।