ਸ਼ਰੀਫ ਦੇ ਹੱਕ ''ਚ ਰੈਲੀ ਕੱਢਣੀ ਪਈ ਮਹਿੰਗੀ, 1500 ਵਰਕਰਾਂ ''ਤੇ ਮਾਮਲਾ ਦਰਜ

07/14/2018 8:43:56 PM

ਲਾਹੌਰ (ਭਾਸ਼ਾ)- ਗੁਆਂਢੀ ਮੁਲਕ ਦੇ ਬਰਤਰਫ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਹਮਾਇਤ ਵਿਚ ਇਥੇ ਰੈਲੀ ਕੱਢਣ ਦੇ ਮਾਮਲੇ ਵਿਚ ਪੀ.ਐਮ.ਐਲ.-ਐਨ ਦੇ 1500 ਕਾਰਕੁੰਨਾਂ ਅਤੇ ਸ਼ਾਹਿਦ ਖਾਕਾਨ ਅੱਬਾਸੀ ਅਤੇ ਸ਼ਾਹਬਾਜ਼ ਸ਼ਰੀਫ ਨਾਲ ਕਈ ਹੋਰ ਨੇਤਾਵਾਂ 'ਤੇ ਅੱਤਵਾਦ ਤੇ ਹੋਰ ਇਲਜ਼ਾਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐਮ.ਐਲ.-ਐਨ) ਦੇ ਨੇਤਾਵਾਂ ਅਤੇ ਵਰਕਰਾਂ 'ਤੇ ਕਲ ਕਾਨੂੰਨ ਦੀ ਉਲੰਘਣਾ ਕਰਨ ਦੇ ਸਬੰਧ ਵਿਚ ਮਾਮਲਾ ਦਰਜ ਹੋਇਆ ਹੈ। ਇਨ੍ਹਾਂ ਲੋਕਾਂ 'ਤੇ ਪੁਲਸ ਮੁਲਾਜ਼ਮਾਂ ਅਤੇ ਰੇਂਜਰਸ 'ਤੇ ਹਮਲਾ ਕਰਨ, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਨਿਆ ਪਾਲਿਕਾ ਤੇ ਫੌਜ ਨੂੰ ਗਾਲ੍ਹਾਂ ਕੱਢਣ ਦਾ ਦੋਸ਼ ਹੈ। ਪੀ.ਐਮ.ਐਲ.-ਐਨ ਦੇ ਹਜ਼ਾਰਾਂ ਵਰਕਰਾਂ ਨੇ ਅਲਾਮਾ ਇਕਬਾਲ ਹਵਾਈ ਅੱਡੇ 'ਤੇ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਦਾ ਸਵਾਗਤ ਕਰਨ ਲਈ ਮਾਰਚ ਕੱਢਿਆ ਸੀ। ਇਹ ਦੋਵੇਂ ਲੰਡਨ ਤੋਂ ਇਥੇ ਇਵਨਫੀਲਡ ਜਾਇਦਾਦ ਭ੍ਰਿਸ਼ਟਾਚਾਰ ਮਾਮਲੇ ਵਿਚ ਲਗਭਗ 10 ਸਾਲ ਅਤੇ 7 ਸਾਲ ਦੀ ਸਜ਼ਾ ਦਾ ਸਾਹਮਣਾ ਕਰਨ ਲਈ ਆਏ ਹਨ। ਪੁਲਸ ਮੁਤਾਬਕ ਪੀ.ਐਮ.ਐਲ-ਐਨ ਦੇ ਪ੍ਰਧਾਨ ਅਤੇ ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਨੇ ਇਥੇ ਰੈਲੀ ਦੀ ਅਗਵਾਈ ਕੀਤੀ ਜੋ ਕਿ ਧਾਰਾ 144 ਦੀ ਉਲੰਘਣਾ ਸੀ। ਇਸ ਕਾਨੂੰਨ ਦੇ ਤਹਿਤ ਇਕ ਥਾਂ 'ਤੇ ਇਕ ਸਮੇਂ ਵਿਚ ਪੰਜ ਜਾਂ ਉਸ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲੱਗੀ ਹੁੰਦੀ ਹੈ।
ਪੀ.ਐਮ.ਐਲ.-ਐਨ ਨੇ ਐਫ.ਆਈ.ਆਰ ਦਰਜ ਹੋਣ ਦੀ ਨਿਖੇਧੀ ਕਰਦੇ ਹੋਏ ਤੁਰੰਤ ਇਸ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਜਿਨ੍ਹਾਂ ਨੇਤਾਵਾਂ 'ਤੇ ਮਾਮਲੇ ਦਰਜ ਹੋਏ ਹਨ। ਉਨ੍ਹਾਂ 'ਚੋਂ ਕਈ 25 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਹਿੱਸਾ ਲੈ ਰਹੇ ਹਨ। ਪੀ.ਐਮ.ਐਲ.-ਐਨ ਤਰਜਮਾਨ ਮਰੀਅਮ ਔਰੰਗਜ਼ੇਬ ਨੇ ਕਿਹਾ ਇਹ ਸਾਡੇ ਨੇਤਾਵਾਂ ਨੂੰ ਚੋਣਾਂ ਵਿਚ ਹਿੱਸਾ ਲੈਣ ਤੋਂ ਰੋਕਣ ਦੀ ਕੋਸ਼ਿਸ਼ ਹੈ। ਇਹ ਚੋਣਾਂ ਤੋਂ ਪਹਿਲਾਂ ਕੀਤੀ ਜਾ ਰਹੀ ਹੇਰਾਫੇਰੀ ਹੈ।