ਰਾਹੁਲ ਗਾਂਧੀ ਦਾ ਅਮਰੀਕਾ ਦੌਰਾ ਰਿਹਾ ਸਫਲ, ਐਨ.ਆਰ.ਆਈਜ਼ ਖੁਸ਼ : ਪਵਨ ਦੀਵਾਨ

09/23/2017 7:51:26 AM

ਨਿਊਯਾਰਕ,( ਰਾਜ ਗੋਗਨਾ)—ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਨੇ ਕਿਹਾ ਹੈ ਕਿ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਵਿਦੇਸ਼ ਦੌਰੇ ਨੂੰ ਲੈ ਕੇ ਐਨ.ਆਰ.ਆਈ ਵਰਗ 'ਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਖੁਦ ਵੀ ਅਮਰੀਕਾ ਦੌਰੇ 'ਤੇ ਚੱਲ ਰਹੇ ਦੀਵਾਨ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਐਨ.ਆਰ.ਆਈ ਸਮਾਜ ਦੀਆਂ ਭਾਵਨਾਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ। ਦੀਵਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੋਖਲੇ ਦਾਅਵਿਆਂ ਤੋਂ ਨਾ ਸਿਰਫ ਦੇਸ਼ 'ਚ ਵਸਣ ਵਾਲੇ, ਬਲਕਿ ਵਿਦੇਸ਼ਾਂ 'ਚ ਵੀ ਰਹਿਣ ਵਾਲੇ ਭਾਰਤ ਵਾਸੀ ਦੁਖੀ ਹਨ ਅਤੇ 2019 ਦੀਆਂ ਲੋਕ ਸਭਾ ਚੋਣਾਂ 'ਚ ਉਹ ਕਾਂਗਰਸ ਵੱਲ ਉਮੀਦ ਰੱਖੀ ਬੈਠੇ ਹਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕੈਨੇਡਾ ਅਤੇ ਅਮਰੀਕਾ ਦੇ ਐਨ.ਆਰ.ਆਈ ਵਰਗ ਦੀਆਂ ਇੱਛਾਵਾਂ ਨੂੰ ਜਾਹਿਰ ਕਰਦਿਆਂ, ਇੰਡੀਅਨ ਓਵਰਸੀਜ਼ ਕੇਨੈਡਾ ਦੇ ਪ੍ਰਧਾਨ ਅਮਰਪ੍ਰੀਤ ਔਲਖ ਨੇ ਵੀ ਰਾਹੁਲ ਨੂੰ ਉਥੇ ਆਉਣ ਦਾ ਸੱਦਾ ਦਿੱਤਾ ਹੈ। ਪੰਜਾਬ ਕਾਂਗਰਸ ਜਨਰਲ ਸਕੱਤਰ ਨੇ ਦਾਅਵਾ ਕੀਤਾ ਕਿ ਰਾਹੁਲ ਦਾ ਇਹ ਵਿਦੇਸ਼ੀ ਦੌਰਾ ਐਨ.ਆਰ.ਆਈ ਵਰਗ ਨੂੰ ਕਾਂਗਰਸ ਪਾਰਟੀ ਨਾਲ ਹੋਰ ਡੂੰਘਾਈ ਨਾਲ ਜੋੜਨ ਦੀ ਦਿਸ਼ਾ 'ਚ ਬਹੁਤ ਹੀ ਮੀਲ ਦਾ ਪੱਥਰ ਸਾਬਤ ਹੋਇਆ। ਇਸ ਮੋਕੇ ਦੀਵਾਨ ਨਾਲ ਇੰਡੀਅਨਓਵਰਸੀਜ਼ ਕੇਨੈਡਾ ਦੇ ਪ੍ਰਧਾਨ ਅਮਰਪ੍ਰੀਤ ਔਲ਼ਖ ਤੋਂ ਇਲਾਵਾ ਆਈ ਐਨ ਓ ਸੀ ਪੰਜਾਬ ਵਿੰਗ ਦੇ ਪ੍ਰਧਾਨ ਗੁਰਮੀਤ  ਸਿੰਘ ਗਿੱਲ( ਮੁੱਲਾਪੁਰ) ਵੀ ਮੌਜੂਦ ਸਨ।