ਮੈਲਬੌਰਨ ''ਚ ਚੱਲਦੇ ''ਰੇਡੀਓ ਹਾਂਜੀ'' ਨੇ ਮਨਾਈ ਤੀਜੀ ਵਰ੍ਹੇਗੰਢ

05/03/2018 1:58:35 PM

ਮੈਲਬੌਰਨ, (ਮਨਦੀਪ ਸਿੰਘ ਸੈਣੀ)— ਆਸਟ੍ਰੇਲੀਆ ਦੇ ਇਕੋ-ਇਕ (24/7) ਚੱਲਣ ਵਾਲੇ ਭਾਰਤੀ ਰੇਡੀਓ ਸਟੇਸ਼ਨ 'ਰੇਡੀਓ ਹਾਂਜੀ' ਵਲੋਂ ਬੀਤੇ ਦਿਨ ਆਪਣੀ ਤੀਜੀ ਵਰ੍ਹੇਗੰਢ ਮਨਾਈ ਗਈ। ਇਸ ਮੌਕੇ 'ਰੇਡੀਓ ਹਾਂਜੀ' ਵਲੋਂ ਆਪਣੇ ਸਰੋਤਿਆਂ ਨੂੰ ਵੱਖ-ਵੱਖ ਵਰਗਾਂ ਵਿਚ ਅਵਾਰਡ ਦਿਤੇ ਗਏ ਅਤੇ ਇਸ ਤੋਂ ਇਲਾਵਾ ਬੀਰ ਸਿੰਘ ਨੇ ਬਿਹਤਰੀਨ ਸ਼ਬਦਾਂ ਨਾਲ ਸਜੇ ਗੀਤਾਂ ਅਤੇ ਸੁਰਾਂ ਦੇ ਨਾਲ ਆਏ ਹੋਏ ਦਰਸ਼ਕਾਂ ਦਾ ਮਨ ਮੋਹਿਆ।


ਰੇਡੀਓ ਹਾਂਜੀ ਦੀ ਟੀਮ ਵਲੋਂ ਆਪਣੀ ਤੀਜੀ ਵਰ੍ਹੇਗੰਢ ਦੇ ਸੰਬੰਧੀ ਰੱਖੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਡਾ. ਰਸਨਾ ਨੇ ਆਏ ਹੋਏ ਦਰਸ਼ਕਾਂ ਨੂੰ ਸੰਬੋਧਿਤ ਕਰਦਿਆਂ ਕੀਤੀ ਅਤੇ ਨਾਲ ਹੀ ਸ਼ਬਦ ਗਾਇਨ ਕਰ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਇਸ ਤੋਂ ਬਾਅਦ ਅਮਰਿੰਦਰ ਗਿੱਦਾ ਨੇ ਰੇਡੀਓ ਹਾਂਜੀ ਦੀਆਂ ਬੀਤੇ ਸਾਲ ਦੀਆਂ ਸਫਲਤਾਵਾਂ ਬਾਰੇ ਸਰੋਤਿਆਂ ਨੂੰ ਜਾਣੂੰ ਕਰਵਾਇਆ।|ਰੇਡੀਓ ਹਾਂਜੀ ਦੇ ਡਾਇਰੈਕਟਰ ਰਣਜੋਧ ਸਿੰਘ ਅਤੇ ਪ੍ਰੋਗਰਾਮ ਦੇ ਸੰਚਾਲਕ ਗੁਰਜੋਤ ਸੋਢੀ ਨੇ ਪ੍ਰੋਗਰਾਮ ਨੂੰ ਅੱਗੇ ਵਧਾਉਦਿਆਂ ਰੇਡੀਓ ਹਾਂਜੀ ਅਵਾਰਡਜ਼ ਬਾਰੇ ਦੱਸਿਆ। ਰੇਡੀਓ ਹਾਂਜੀ ਅਵਾਰਡਜ਼ 'ਚ ਸੁਰਜੀਤ ਸਿੰਘ ਨੂੰ 'ਲਿਸਨਰ ਆਫ ਦਾ ਯੀਅਰ', ਪਰਮ ਬਦੇਸ਼ਾ ਨੂੰ 'ਕ੍ਰਿਟਿਕ ਆਫ ਦਾ ਯੀਅਰ', ਪ੍ਰੀਤ ਬੈਂਸ ਨੂੰ 'ਕਾਲਰ ਆਫ ਦਾ ਯੀਅਰ', ਅਜੇਪਾਲ ਔਲਖ ਨੂੰ “ਵਲੰਟੀਅਰ ਆਫ ਦਾ ਯੀਅਰ', ਰਾਜੇਸ਼ ਤਲਵਾਰ ਨੂੰ 'ਸੁਜੇਸ਼ਨ ਆਫ ਦਾ ਯੀਅਰ' ਅਤੇ ਲਾਫਟਰ ਥੈਰੇਪੀ 'ਚ ਹਿੱਸਾ ਲੈਂਦੇ ਬੱਚਿਆਂ ਨੂੰ “ਐਂਟਰਟੇਨਰ ਆਫ ਦਾ ਯੀਅਰ' ਅਵਾਰਡ ਨਾਲ ਨਿਵਾਜਿਆ ਗਿਆ। 
ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਬੀਰ ਸਿੰਘ ਨੇ ਇਕ ਤੋਂ ਬਾਅਦ ਇਕ ਗੀਤ ਅਜਿਹੇ ਗੀਤ ਗਾਏ, ਜਿਸ ਨੇ ਸਰੋਤਿਆਂ ਨੂੰ ਕੀਲ ਕੇ ਰੱਖਿਆ ਅਤੇ ਤਾੜੀਆਂ ਦੀ ਗੂੰਜ ਨਾਲ ਆਏ ਹੋਏ ਸਰੋਤਿਆਂ ਨੇ ਗੀਤਾਂ ਦੇ ਨਾਲ ਪੂਰੀ ਤਾਲ ਮਿਲਾਈ। ਆਪਣੀ ਇਸ ਮਹਿਫ਼ਲ 'ਚ ਬੀਰ ਸਿੰਘ ਨੇ 'ਚਿੱਟਾ ਚੋਲਾ', 'ਤਾਰਿਆਂ ਦੇ ਲੋਏ' ਅਤੇ 'ਸਾਹ' ਵਰਗੇ ਮਕਬੂਲ ਗੀਤ ਗਾਏ। ਇਸ ਮੌਕੇ ਬੱਚਿਆਂ ਵਲੋਂ ਭੰਗੜਾ ਵੀ ਪੇਸ਼ ਕੀਤਾ ਗਿਆ, ਜਿਸ ਨੂੰ ਆਏ ਹੋਏ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਬੀਰ ਸਿੰਘ ਦਾ ਆਸਟ੍ਰੇਲੀਆ 'ਚ ਇਹ ਪਹਿਲਾ ਪ੍ਰੋਗਰਾਮ ਸੀ ਅਤੇ ਉਨ੍ਹਾਂ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦੇਣ ਦਿਲਾਂ 'ਤੇ ਛਾਪ ਛੱਡੀ। 


ਇਸ ਮੌਕੇ ਰੇਡੀਓ ਹਾਂਜੀ ਦੀ ਟੀਮ ਵਲੋਂ 'ਆਲਮ' ਮੈਗਜ਼ੀਨ ਦੇ ਚੌਥੇ ਅੰਕ ਨੂੰ ਵੀ ਜਾਰੀ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਪੁਨੀਤ ਢੀਂਗਰਾ, ਵਿਸ਼ਾਲ ਵਿਜੇ ਸਿੰਘ, ਜੈਸਮੀਨ, ਨੋਨੀਆ ਅਤੇ ਹਰਮਨ ਤੂਰ ਵਲੋਂ ਅਦਾ ਕੀਤੀ ਗਈ। ਅਖੀਰ 'ਚ ਰੇਡੀਓ ਹਾਂਜੀ ਦੀ ਪੂਰੀ ਟੀਮ ਨੇ ਆਏ ਹੋਏ ਦਰਸ਼ਕਾਂ ਅਤੇ ਕਾਰੋਬਾਰੀ ਸਹਿਯੋਗੀਆਂ ਦਾ ਧੰਨਵਾਦ ਕੀਤਾ।