ਕੁਰਾਨ ਅਪਮਾਨ ਮਾਮਲਾ : ਸਵੀਡਨ ’ਚ ਹੋਰ ਭੜਕੀ ਦੰਗਿਆਂ ਦੀ ਅੱਗ, ਹੁਣ ਤੱਕ 40 ਲੋਕ ਜ਼ਖ਼ਮੀ

04/19/2022 6:04:48 PM

ਇੰਟਰਨੈਸ਼ਨਲ ਡੈਸਕ—ਸਵੀਡਨ ’ਚ ਮੁਸਲਿਮ ਧਰਮ ਦੇ ਪਵਿੱਤਰ ਗ੍ਰੰਥ ਕੁਰਾਨ ਦੇ ਅਪਮਾਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸ਼ੁਰੂ ਹੋਏ ਦੰਗੇ ਅਜੇ ਵੀ ਜਾਰੀ ਹਨ। ਪੂਰਾ ਦੇਸ਼ ਦੰਗਿਆਂ ਦੀ ਅੱਗ ’ਚ ਸੜ ਰਿਹਾ ਹੈ। ਕੱਟੜ ਸੱਜੇਪੱਖੀ ਸੰਗਠਨ ਦੀ ਯੋਜਨਾ ਦੇ ਵਿਰੋਧ ’ਚ ਕਈ ਥਾਵਾਂ ’ਤੇ ਹਿੰਸਕ ਝੜਪਾਂ ਹੋਈਆਂ ਹਨ, ਜਿਸ ’ਚ 40 ਦੇ ਕਰੀਬ ਲੋਕ ਜ਼ਖਮੀ ਹੋ ਗਏ ਅਤੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਸੋਮਵਾਰ ਕਿਹਾ ਕਿ ਸਵੀਡਨ ’ਚ ਭੜਕਣ ਵਾਲੇ ਦੰਗਿਆਂ ’ਚ 26 ਪੁਲਸ ਕਰਮਚਾਰੀ ਅਤੇ 14 ਨਾਗਰਿਕ ਜ਼ਖ਼ਮੀ ਹੋ ਗਏ ਸਨ, ਜਦਕਿ ਭੀੜ ਨੇ 20 ਤੋਂ ਵੱਧ ਵਾਹਨਾਂ ਨੂੰ ਅੱਗ ਲਗਾ ਦਿੱਤੀ ਸੀ।

ਪੁਲਸ ਦਾ ਕਹਿਣਾ ਹੈ ਕਿ ਹਿੰਸਾ ਦੀਆਂ ਘਟਨਾਵਾਂ ’ਚ 200 ਤੋਂ ਵੱਧ ਲੋਕ ਸ਼ਾਮਲ ਹਨ ਅਤੇ 40 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਹਿੰਸਾ ਅਪਰਾਧਿਕ ਗਿਰੋਹ ਦੇ ਇਕ ਨੈੱਟਵਰਕ ਵੱਲੋਂ ਆਯੋਜਿਤ ਕੀਤੀ ਗਈ ਹੈ। ਹਿੰਸਾ ’ਚ ਸ਼ਾਮਿਲ ਕੁਝ ਲੋਕਾਂ ਨੂੰ ਪੁਲਸ ਅਤੇ ਸਵੀਡਿਸ਼ ਸੁਰੱਖਿਆ ਬਲ ਪਹਿਲਾਂ ਹੀ ਜਾਣਦਾ ਸੀ। ਮੀਡੀਆ ਰਿਪੋਰਟ ਦੇ ਅਨੁਸਾਰ ਸਵੀਡਨ ’ਚ ਸ਼ੁੱਕਰਵਾਰ ਨੂੰ ਓਰੇਬਰੋ ਸ਼ਹਿਰ ਅਤੇ ਰਿੰਕੇਬਾਈ ’ਚ ਸ਼ਨੀਵਾਰ ਨੂੰ ਮਾਲਮੋ ਸ਼ਹਿਰ ਵਿਚ ਹਿੰਸਾ ਭੜਕੀ, ਜਦਕਿ ਐਤਵਾਰ ਨੂੰ ਨੌਰਕੋਪਿੰਗ ’ਚ ਹਿੰਸਾ ਹੋਈ। ਸਵੀਡਨ ਦੇ ਰਾਸ਼ਟਰੀ ਪੁਲਸ ਮੁਖੀ ਐਂਡਰਸ ਥਾਰਨਬਰਗ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤਕ ਨੌਰਕੋਪਿੰਗ ਵਰਗੀ ਹਿੰਸਾ ਨਹੀਂ ਦੇਖੀ।

ਪੁਲਸ ਨੇ ਹਿੰਸਕ ਭੀੜ ਨੂੰ ਕਾਬੂ ਕਰਨ ਲਈ ਹਵਾਈ ਫਾਇਰਿੰਗ ਕੀਤੀ, ਜਿਸ ਨਾਲ ਤਿੰਨ ਲੋਕ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟ ਮੁਤਾਬਕ ਸਵੀਡਨ ਦੇ ਨੇਤਾ ਰਾਸਮੁਸ ਪਾਲੁਦਾਨ ਨੇ ਕੁਝ ਦਿਨ ਪਹਿਲਾਂ ਸਵੀਡਨ ਦੇ ਇਕ ਮੁਸਲਿਮ ਬਹੁਲਤਾ ਵਾਲੇ ਖੇਤਰ ’ਚ ਕਥਿਤ ਤੌਰ ’ਤੇ ਕੁਰਾਨ ਦੀ ਇਕ ਕਾਪੀ ਸਾੜ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ ਆਪਣੀ ਰੈਲੀ ਦੌਰਾਨ ਹੋਰ ਕਾਪੀਆਂ ਸਾੜਨਗੇ। ਸਾਲ 2017 ’ਚ ਰੈਸਮਸ ਨੇ ਹਾਰਡ ਲਾਈਨ ਯਾਨੀ ਸਟੌਰਮ ਕਰਸ ਨਾਂ ਦੀ ਸੱਜੇਪੱਖੀ ਪਾਰਟੀ ਬਣਾਈ ਸੀ। ਉਹ ਪੇਸ਼ੇ ਤੋਂ ਇਕ ਵਕੀਲ ਹੈ ਅਤੇ ਯੂਟਿਊਬਰ ਹੈ।

ਇਸਲਾਮ ਧਰਮ ਲਈ ਕੁਰਾਨ ਇਕ ਪਵਿੱਤਰ ਗ੍ਰੰਥ ਹੈ। ਅਰਬ ਦੇਸ਼ਾਂ ਨੇ ਕੁਰਾਨ ਨੂੰ ਸਾੜਨ ਦੀ ਘਟਨਾ ਦੀ ਨਿੰਦਾ ਕੀਤੀ ਹੈ। ਸਾਊਦੀ ਅਰਬ ਵੱਲੋਂ ਕਿਹਾ ਗਿਆ ਕਿ ਪਾਲੁਦਾਨ ਜਾਣਬੁੱਝ ਕੇ ਕੁਰਾਨ ਨੂੰ ਸਾੜ ਰਹੇ ਹਨ। ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਜ਼ੋਰ ਦੇ ਕੇ ਕਿਹਾ ਕਿ ਗੱਲਬਾਤ ਦੀ ਮਹੱਤਤਾ, ਸਹਿਣਸ਼ੀਲਤਾ ਅਤੇ ਸ਼ਾਂਤੀਪੂਰਨ ਸਹਿਹੋਂਦ ਲਈ ਲਗਾਤਾਰ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਬਿਆਨ ਵਿਚ ਨਫ਼ਰਤ ਤੇ ਕੱਟੜਵਾਦ ਦੀ ਨਿੰਦਾ ਕੀਤੀ ਗਈ ਹੈ।

Manoj

This news is Content Editor Manoj