ਆਸਟ੍ਰੇਲੀਆ 'ਚ ਸਿੱਖਾਂ ਦੇ ਧਾਰਮਿਕ ਚਿੰਨ੍ਹ 'ਕਿਰਪਾਨ' ਨੂੰ ਲੈ ਕੇ ਛਿੜੀ ਬਹਿਸ

08/30/2017 12:54:49 PM

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸਕੂਲਾਂ 'ਚ ਬੱਚਿਆਂ ਦੇ ਮਾਪਿਆਂ ਨੂੰ ਕਿਰਪਾਨ ਪਹਿਨ ਕੇ ਆਉਣ ਦੀ ਆਗਿਆ ਦਿੱਤੀ ਗਈ ਸੀ ਪਰ ਇਸ 'ਤੇ ਕੁਈਨਜ਼ਲੈਂਡ ਸਿੱਖਿਆ ਵਿਭਾਗ ਨੇ ਇਤਰਾਜ਼ ਜ਼ਾਹਰ ਕੀਤਾ ਹੈ। ਇਹ ਆਗਿਆ ਸਕੂਲ ਦੇ ਪ੍ਰਿੰਸੀਪਲਾਂ ਵਲੋਂ ਦਿੱਤੀ ਗਈ ਸੀ। ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਜਿਮ ਵੈਟਟਰਸੋਨ ਦਾ ਕਹਿਣਾ ਹੈ ਕਿ ਇਹ ਇਕ ਗਲਤ ਫੈਸਲਾ ਹੈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਿੰਸੀਪਲ ਨੇ ਸਿੱਖ ਮਾਪਿਆਂ ਨੂੰ ਸਕੂਲ ਦੀ ਗਰਾਊਂਡ ਅੰਦਰ ਕਿਰਪਾਨ ਪਹਿਨ ਕੇ ਆਉਣ ਦੀ ਜੋ ਆਗਿਆ ਦਿੱਤੀ ਹੈ, ਉਹ ਗਲਤ ਹੈ। ਵਿਭਾਗ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। 
ਉਨ੍ਹਾਂ ਕਿਹਾ ਕਿ ਸਾਰੇ ਸੂਬੇ ਦੇ ਸਕੂਲਾਂ ਨੂੰ ਸਾਫ ਕੀਤਾ ਗਿਆ ਹੈ ਕਿ ਕੁਈਨਜ਼ਲੈਂਡ ਹਥਿਆਰ ਐਕਟ 1990 ਅਨੁਸਾਰ ਕਿਰਪਾਨ ਨੂੰ ਇਕ ਤਰ੍ਹਾਂ ਦਾ ਚਾਕੂ ਮੰਨਿਆ ਗਿਆ ਹੈ, ਇਸ ਲਈ ਸਕੂਲਾਂ ਦੀ ਗਰਾਊਂਡ ਅੰਦਰ ਇਸ ਨੂੰ ਨਹੀਂ ਪਹਿਨਿਆ ਜਾ ਸਕਦਾ। ਡਾ. ਵੈਟਟਰਸੋਨ ਨੇ ਕਿਹਾ ਕਿ ਇਹ ਫੈਸਲਾ ਵਿਭਾਗ ਦੀ ਨੀਤੀ ਦੇ ਵਿਰੁੱਧ ਹੈ। ਇਸ ਮਾਮਲੇ ਦੇ ਸੰਬੰਧਤ 'ਚ ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਦੇ ਮਾਤਾ-ਪਿਤਾ ਚਿੰਤਤ ਹਨ ਕਿ ਬੱਚਿਆਂ ਨੂੰ ਡਰਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਉਨ੍ਹਾਂ ਨੇ ਇਸ ਮਾਮਲੇ ਬਾਰੇ ਸਿੱਖਿਆ ਵਿਭਾਗ ਨਾਲ ਸੰਪਰਕ ਕੀਤਾ ਸੀ। ਜਿਸ ਤੋਂ ਬਾਅਦ ਵਿਭਾਗ ਨੇ ਇਸ ਫੈਸਲੇ ਨੂੰ ਅਣਉੱਚਿਤ ਦੱਸਿਆ। ਇਸ ਤਰ੍ਹਾਂ ਦਾ ਮਾਮਲਾ 18 ਮਹੀਨੇ ਪਹਿਲਾਂ ਵੀ ਉੱਠਿਆ ਸੀ। ਦੱਸਣ ਯੋਗ ਹੈ ਕਿ ਸਿੱਖ ਧਰਮ 'ਚ ਕਿਰਪਾਨ ਸਿੱਖਾਂ ਦੇ ਪੰਜ ਕਕਾਰਾਂ 'ਚੋਂ ਇਕ ਹੈ, ਜੋ ਕਿ ਹਰ ਸਾਬਤ ਸੂਰਤ ਸਿੱਖ ਪਹਿਨਦਾ ਹੈ।