ਕੁਈਨਜ਼ਲੈਂਡ ਸਥਿਤ ਘਰ ''ਚ ਲੱਗੀ ਅੱਗ, 90 ਫੀਸਦੀ ਝੁਲਸੇ 2 ਮਾਸੂਮ ਬੱਚੇ

11/15/2017 11:08:36 AM

ਕੁਈਨਜ਼ਲੈਂਡ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸ਼ਹਿਰ ਟੁਬੂਮਬਾ 'ਚ ਮੰਗਲਵਾਰ ਦੀ ਸ਼ਾਮ ਨੂੰ ਇਕ ਘਰ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦੋ ਮਾਸੂਮ ਲੜਕੇ ਬੁਰੀ ਤਰ੍ਹਾਂ ਝੁਲਸ ਗਏ। ਘਰ 'ਛ ਅੱਗ ਲੱਗਣ ਦੀ ਘਟਨਾ ਦੇਰ ਸ਼ਾਮ 8.00 ਵਜੇ ਵਾਪਰੀ। ਅੱਗ ਕਾਰਨ ਪੂਰਾ ਘਰ ਨੁਕਸਾਨਿਆ ਗਿਆ। ਦੋ ਲੜਕੇ ਜਿਨ੍ਹਾਂ ਦੀ ਉਮਰ 3 ਅਤੇ 4 ਸਾਲ ਹੈ, ਉਹ 90 ਫੀਸਦੀ ਤੱਕ ਝੁਲਸ ਗਏ। ਦੋਹਾਂ ਨੂੰ ਗੰਭੀਰ ਹਾਲਤ ਵਿਚ ਬ੍ਰਿਸਬੇਨ ਦੇ ਚਿਲਡਰਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ।
ਮੌਕੇ 'ਤੇ ਪੁੱਜੇ ਫਾਇਰ ਫਾਈਟਰਜ਼ ਅਧਿਕਾਰੀਆਂ ਨੇ ਅੱਗ 'ਤੇ ਕਾਬੂ ਪਾਇਆ। ਦੋਹਾਂ ਲੜਕਿਆਂ ਦਾ 34 ਸਾਲਾ ਪਿਤਾ ਵੀ ਝੁਲਸਿਆ ਹੈ, ਉਸ ਦੀਆਂ ਬਾਂਹਾਂ ਝੁਲਸ ਗਈ। ਪਿਤਾ ਨੇ ਅੱਗ ਦੌਰਾਨ ਦੋਹਾਂ ਲੜਕਿਆਂ ਨੂੰ ਘਰ 'ਚੋਂ ਬਾਹਰ ਖਿੱਚਿਆ, ਜਿਸ ਕਾਰਨ ਉਹ ਵੀ ਝੁਲਸ ਗਿਆ। ਇਕ ਰਿਪੋਰਟ ਮੁਤਾਬਕ ਪਿਤਾ ਨੂੰ ਰਾਇਲ ਬ੍ਰਿਸਬੇਨ ਅਤੇ ਵੁਮੈਨ ਹਸਪਤਾਲ 'ਚ ਭਰਤੀ ਕਰਾਇਆ ਗਿਆ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਰ ਵਿਚ ਧੂੰਆਂ ਅਲਾਰਮ ਨਹੀਂ ਸੀ। ਉਹ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।