ਇਟਲੀ : 2 ਘੰਟਿਆਂ ''ਚ 9 ਵਾਰ ਲੱਗੇ ਭੂਚਾਲ ਦੇ ਝਟਕੇ, ਇਕ ਬੱਚਾ ਜ਼ਖਮੀ

08/17/2018 9:48:11 AM

ਰੋਮ— ਦੱਖਣੀ ਇਟਲੀ 'ਚ ਸਿਰਫ ਦੋ ਘੰਟਿਆਂ 'ਚ ਭੂਚਾਲ ਦੇ ਨੌ ਵਾਰ ਝਟਕੇ ਮਹਿਸੂਸ ਕੀਤੇ ਗਏ, ਜਿਸ ਦੇ ਡਰ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਬਾਹਰ ਸੌਣ ਲਈ ਮਜਬੂਰ ਕਰ ਦਿੱਤਾ। ਇਟਲੀ ਦੀ ਰਾਸ਼ਟਰੀ ਭੂਚਾਲ ਵਿਗਿਆਨ ਏਜੰਸੀ ਨੇ ਦੱਸਿਆ ਕਿ ਕੱਲ 8:19 ਵਜੇ 5.1 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਬਾਅਦ 8 ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਇਨ੍ਹਾਂ 'ਚੋਂ ਸਭ ਤੋਂ ਤੇਜ਼ ਝਟਕੇ ਦੀ ਤੀਬਰਤਾ 4.4 ਰਹੀ। ਲੋਕ ਇੰਨੇ ਡਰ ਗਏ ਕਿ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਖੁੱਲ੍ਹੇ ਇਲਾਕਿਆਂ 'ਚ ਆ ਗਏ।


ਭੂਚਾਲ ਦਾ ਕੇਂਦਰ ਮੋਲਿਸ ਦੇ ਕਾਮਪੋਬਾਸੋ ਦਾ ਇਕ ਛੋਟਾ ਸ਼ਹਿਰ ਮੋਂਟੇਸਿਲਫੋਨ ਸੀ। ਨਗਰ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਕਾਰਨ ਇਕ ਬੱਚੇ ਦੇ ਸੱਟ ਲੱਗ ਗਈ ਕਿਉਂਕਿ ਡਰ ਕਾਰਨ ਉਸ ਨੇ ਘਰ ਦੀ ਬਾਲਕੋਨੀ 'ਚੋਂ ਛਾਲ ਮਾਰ ਦਿੱਤੀ ਸੀ। ਇਸ ਕਾਰਨ ਉਹ ਜ਼ਖਮੀ ਹੋ ਗਿਆ ਪਰ ਵਧੇਰੇ ਨੁਕਸਾਨ ਹੋਣ ਤੋਂ ਬਚਾਅ ਰਿਹਾ। ਮੋਲਿਸ ਦੇ ਗਵਰਨਰ ਡੋਨਾਟੋ ਟੋਮਾ ਨੇ ਦੱਸਿਆ ਕਿ ਕੁੱਝ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ ਪਰ ਇਸ ਕਾਰਨ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ।