ਅਲਬਾਨੀਜ਼ ਨੇ ਰੱਦ ਕੀਤੀ Quad ਮੀਟਿੰਗ, ਕਿਹਾ-PM ਮੋਦੀ ਕਰ ਸਕਦੇ ਹਨ ਆਸਟ੍ਰੇਲੀਆ ਦਾ ਦੌਰਾ

05/17/2023 10:25:25 AM

ਸਿਡਨੀ (ਆਈ.ਏ.ਐੱਨ.ਐੱਸ.): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਅਗਲੇ ਹਫ਼ਤੇ ਹੋਣ ਵਾਲੀ ਕਵਾਡ ਮੀਟਿੰਗ ਨੂੰ ਫਿਲਹਾਲ ਮੁਲਤਵੀ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਵੱਲੋਂ ਇਹ ਫ਼ੈਸਲਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਬੈਠਕ 'ਚ ਸ਼ਾਮਲ ਨਾ ਹੋਣ ਕਾਰਨ ਲਿਆ ਗਿਆ ਹੈ। ਬਾਈਡੇਨ ਇਸ ਸਮੇਂ ਅਮਰੀਕਾ ਵਿੱਚ ਕਰਜ਼ੇ ਕਾਰਨ ਪੈਦਾ ਹੋਏ ਆਰਥਿਕ ਸੰਕਟ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਲੱਗੇ ਹੋਏ ਹਨ। ਅਜਿਹੇ 'ਚ ਉਨ੍ਹਾਂ ਨੇ ਅਗਲੇ ਹਫ਼ਤੇ ਦੇ ਆਪਣੇ ਵਿਦੇਸ਼ ਦੌਰੇ ਮੁਲਤਵੀ ਕਰ ਦਿੱਤੇ ਹਨ। ਹਾਲਾਂਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਹਫ਼ਤੇ ਆਸਟ੍ਰੇੇਲੀਆ ਵਿੱਚ ਪੀ.ਐੱਮ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਦੁਵੱਲੀ ਮੁਲਾਕਾਤ ਹੋ ਸਕਦੀ ਹੈ। ਭਾਰਤੀ ਪੱਖ ਵੱਲੋਂ ਵੀ ਇਸ ਬਾਰੇ ਜਲਦ ਹੀ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਕਵਾਡ ਮੀਟਿੰਗ 24 ਮਈ ਨੂੰ ਆਸਟ੍ਰੇਲੀਆ ਦੇ ਸਿਡਨੀ 'ਚ ਹੋਣੀ ਸੀ। ਇਸ ਬਾਰੇ ਅਲਬਾਨੀਜ਼ ਨੇ ਪਹਿਲਾਂ ਕਿਹਾ ਸੀ ਕਿ ਕਵਾਡ ਵਿਚ ਸ਼ਾਮਲ ਦੇਸ਼-ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਅਮਰੀਕਾ ਦੀ ਮੌਜੂਦਗੀ ਤੋਂ ਬਿਨਾਂ ਵੀ ਬੈਠਕ ਲਈ ਆ ਸਕਦੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਬਾਈਡੇਨ ਦੇ ਦੌਰੇ ਨੂੰ ਰੱਦ ਕਰਨ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਜਾਪਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰ ਰਹੀ ਹੈ। ਹਾਲਾਂਕਿ ਬਾਅਦ ਵਿੱਚ ਰਾਸ਼ਟਰਪਤੀ ਅਲਬਾਨੀਜ਼ ਨੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਨੂੰ ਕਵਾਡ ਭਾਈਵਾਲਾਂ ਦੇ ਇਸ ਦੌਰੇ ਦੀਆਂ ਤਾਰੀਖਾਂ ਨੂੰ ਅੱਗੇ ਵਧਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਜਾਪਾਨ ਦੇ ਪ੍ਰਧਾਨ ਮੰਤਰੀਆਂ ਨੇ ਮੀਟਿੰਗ ਨੂੰ ਮੁੜ ਤੈਅ ਕਰਨ ਅਤੇ ਇਸ ਨੂੰ ਜਲਦੀ ਤੋਂ ਜਲਦੀ ਕਰਵਾਉਣ ਲਈ ਸਹਿਮਤੀ ਪ੍ਰਗਟਾਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਔਰਤਾਂ ਨੂੰ ਪਰੇਸ਼ਾਨ ਕਰਨ ਦੇ ਦੋਸ਼ 'ਚ ਪੁਲਸ ਅਧਿਕਾਰੀ ਨੂੰ ਜੇਲ੍ਹ

ਇਹ ਹੈ PM ਮੋਦੀ ਦੇ ਵਿਦੇਸ਼ ਦੌਰੇ ਦਾ ਪ੍ਰੋਗਰਾਮ

ਜਾਪਾਨ ਦੀ ਪ੍ਰਧਾਨਗੀ 'ਚ ਹੋਣ ਵਾਲੇ ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਮੋਦੀ 19 ਤੋਂ 21 ਮਈ ਤੱਕ ਜਾਪਾਨ ਦੇ ਹੀਰੋਸ਼ੀਮਾ ਜਾਣਗੇ। ਉਹ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੇ ਸੱਦੇ 'ਤੇ ਜਾਪਾਨ ਦਾ ਦੌਰਾ ਕਰ ਰਹੇ ਹਨ। ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਜੀ-7 ਸੈਸ਼ਨਾਂ ਨੂੰ ਸੰਬੋਧਨ ਕਰਨਗੇ। ਇਸ ਵਿਚ ਅਮਰੀਕੀ ਰਾਸ਼ਟਰਪਤੀ ਬਾਈਡੇਨ ਦੇ ਨਾਲ ਕੁਝ ਹੋਰ ਨੇਤਾ ਵੀ ਸ਼ਾਮਲ ਹੋਣਗੇ। ਇਸ ਤੋਂ ਬਾਅਦ ਪੀ.ਐੱਮ ਮੋਦੀ ਦੀ ਪਾਪੂਆ ਨਿਊ ਗਿਨੀ ਜਾਣ ਦੀ ਯੋਜਨਾ ਹੈ। ਇਸ ਤੋਂ ਪਹਿਲਾਂ ਇਸ ਦੌਰੇ 'ਤੇ ਵੀ ਬਾਈਡੇਨ ਦੇ ਪੀ.ਐੱਮ ਮੋਦੀ ਨਾਲ ਰੁਕਣ ਦੀ ਸੰਭਾਵਨਾ ਸੀ। ਪਰ ਹੁਣ ਬਾਈਡੇਨ ਦਾ ਦੌਰਾ ਰੱਦ ਹੋਣ ਤੋਂ ਬਾਅਦ ਮੋਦੀ ਇਕੱਲੇ ਪਾਪੂਆ ਨਿਊ ਗਿਨੀ ਦਾ ਦੌਰਾ ਕਰ ਸਕਦੇ ਹਨ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਾਪੂਆ ਨਿਊ ਗਿਨੀ ਦੀ ਇਹ ਪਹਿਲੀ ਯਾਤਰਾ ਹੋਵੇਗੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana