ਅਜਗਰ ਨਿਗਲ ਗਿਆ ਬੂਟ, ਹੋਇਆ ਅਜਿਹਾ ਹਾਲ ਕਿ ਸਰਜਰੀ ਕਰ ਕੇ ਕੱਢਣਾ ਪਿਆ

03/28/2018 3:32:47 PM

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿਚ ਇਕ ਹੈਰਾਨ ਕਰਨ ਵਾਲਾ ਵਾਕਿਆ ਸਾਹਮਣੇ ਆਇਆ ਹੈ। ਕੁਈਨਜ਼ਲੈਂਡ ਸਥਿਤ ਇਕ ਘਰ 'ਚੋਂ 2 ਮੀਟਰ ਲੰਬਾ ਅਜਗਰ ਬੂਟ ਨਿਗਲ ਗਿਆ। ਇਸ ਘਟਨਾ ਤੋਂ ਬਾਅਦ ਅਜਗਰ ਦੀ ਸਰਜਰੀ ਕੀਤੀ ਗਈ ਅਤੇ ਬੂਟ ਨੂੰ ਕੱਢਿਆ ਗਿਆ। ਇਸ ਤੋਂ ਪਹਿਲਾਂ ਐਕਸ-ਰੇਅ ਕਰ ਕੇ ਦੇਖਿਆ ਗਿਆ ਕਿ ਕੀ ਸੱਚ ਵਿਚ ਅਜਗਰ ਦੇ ਢਿੱਡ 'ਚ ਬੂਟ ਹੈ। ਐਕਸ-ਰੇਅ ਸਾਹਮਣੇ ਆਉਣ ਤੋਂ ਬਾਅਦ ਸਰਜਰੀ ਕੀਤੀ ਗਈ ਅਤੇ ਬੂਟ ਨੂੰ ਅਜਗਰ ਦੇ ਢਿੱਡ 'ਚੋਂ ਕੱਢਿਆ ਗਿਆ।


2 ਮੀਟਰ ਲੰਬੇ ਇਸ ਅਜਗਰ ਦੀ ਸਰਜਰੀ ਨੂੰ ਜਾਨਵਰਾਂ ਦੇ ਮੰਨੇ-ਪ੍ਰਮੰਨੇ ਡਾਕਟਰਾਂ ਦੀ ਟੀਮ ਨੇ ਅੰਜ਼ਾਮ ਦਿੱਤਾ। ਅਜਗਰ ਦੇ ਢਿੱਡ ਵਿਚੋਂ ਬੂਟ ਕੱਢਣ ਦੀ ਸਰਜਰੀ ਤਕਰੀਬਨ ਇਕ ਘੰਟਾ ਚਲੀ। ਸਰਜਰੀ ਕਰਨ ਵਾਲੀ ਟੀਮ ਦੇ ਡਾਕਟਰ ਨੇ ਮੀਡੀਆ ਨੂੰ ਦੱਸਿਆ ਕਿ ਸਪੇਰੇ ਦਾ ਕਹਿਣਾ ਸੀ ਕਿ ਅਜਗਰ ਦੇ ਕਮਰੇ 'ਚ ਜਾਣ ਤੋਂ ਬਾਅਦ ਉਨ੍ਹਾਂ ਦੇਖਿਆ ਕਿ ਇਕ ਬੂਟ ਗਾਇਬ ਹੋ ਗਿਆ। ਅਜਿਹੇ ਵਿਚ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਅਜਗਰ ਨੇ ਹੀ ਬੂਟ ਨੂੰ ਖਾਧਾ ਹੈ।

 
ਸਰਜਰੀ ਕਰਨ ਵਾਲੇ ਡਾਕਟਰਾਂ ਦੀ ਟੀਮ ਨੇ ਫੇਸਬੁੱਕ 'ਤੇ ਲਿਖਿਆ ਕਿ ਜੰਗਲੀ ਅਜਗਰ ਨੂੰ ਸੱਪ ਫੜਨ ਵਾਲਾ ਇਕ ਸ਼ਖਸ ਜਾਨਵਰਾਂ ਦੇ ਹਸਪਤਾਲ ਲੈ ਕੇ ਆਇਆ। ਉਸ ਨੇ ਕਿਹਾ ਕਿ ਉਸ ਨੂੰ ਅਜਗਰ ਦੇ ਘਰ 'ਚ ਰੱਖਿਆ ਬੂਟ ਖਾ ਲੈਣ ਦਾ ਵਹਿਮ ਹੈ। ਇਸ ਸਰਜਰੀ ਨੂੰ ਲੈ ਕੇ ਡਾਕਟਰਾਂ ਦੀ ਫੇਸਬੁੱਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਇਸ ਪੋਸਟ 'ਚ ਡਾਕਟਰ ਨੇ ਦੱਸਿਆ ਕਿ ਕਿਸੇ ਤਰੀਕੇ ਨਾਲ ਇਸ ਸਰਜਰੀ ਨੂੰ ਅੰਜ਼ਾਮ ਦਿੱਤਾ ਗਿਆ।

ਪੋਸਟ ਵਿਚ ਦੱਸਿਆ ਗਿਆ ਕਿ ਅਜਗਰ ਦੀ ਸਰਜਰੀ ਲਈ ਉਸ ਨੂੰ ਬੇਹੋਸ਼ ਕੀਤਾ ਗਿਆ। ਦੋ ਪਰਤਾਂ 'ਚ ਢਿੱਡ ਦਰਮਿਆਨ ਬੂਟ ਨੂੰ ਕੱਢਣ ਤੋਂ ਬਾਅਦ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਸਰਜਰੀ ਤੋਂ ਬਾਅਦ ਅਜਗਰ ਦੀ ਸਿਹਤ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ 'ਚ ਘਰਾਂ ਦੇ ਬਗੀਚਿਆਂ ਇੱਥੋਂ ਤੱਕ ਕਿ ਕਮਰਿਆਂ ਵਿਚੋਂ ਸੱਪ ਨਿਕਲ ਆਉਂਦੇ ਹਨ। ਨੇੜੇ-ਤੇੜੇ ਜੰਗਲੀ ਇਲਾਕਾ ਹੋਣ ਕਾਰਨ ਇੱਥੇ ਸੱਪਾਂ ਦਾ ਮਿਲਣਾ ਆਮ ਗੱਲ ਹੈ।