ਪੁਤਿਨ ਦੀ ਸ਼ਾਨਦਾਰ ਜਿੱਤ, 2036 ਤੱਕ ਬਣੇ ਰਹਿਣਗੇ ਰੂਸ ਦੇ ਰਾਸ਼ਟਰਪਤੀ

07/02/2020 3:24:21 AM

ਮਾਸਕੋ (ਇੰਟ.)ਵਲਾਦੀਮਿਰ ਪੁਤਿਨ ਨੇ ਰੂਸ ਦੀਆਂ ਚੋਣਾਂ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਅਤੇ ਇਸ ਜਿੱਤ ਤੋਂ ਬਾਅਦ ਉਹ 2036 ਤੱਕ ਰੂਸ ਦੇ ਰਾਸ਼ਟਰਪਤੀ ਬਣੇ ਰਹਿਣਗੇ। ਰੂਸ ਦੇ ਸੰਵਿਧਾਨ ਵਿਚ ਸੋਧ ਨੂੰ ਲੈ ਕੇ ਬੁੱਧਵਾਰ ਨੂੰ ਰੈਫਰੈਂਡਮ ਕਰਵਾਇਆ ਗਿਆ ਸੀ ਅਤੇ ਰੂਸ ਦੇ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 73 ਫੀਸਦੀ ਲੋਕਾਂ ਨੇ ਸੰਵਿਧਾਨ ਸੋਧ ਦੇ ਪੱਖ ਵਿਚ ਵੋਟ ਕੀਤਾ ਹੈ। ਚੋਣ ਕਮਿਸ਼ਨ ਨੇ ਇਹ ਡਾਟਾ 25 ਫੀਸਦੀ ਵੋਟਾਂ ਦੀ ਗਿਣਤੀ ਦੇ ਆਧਾਰ 'ਤੇ ਜਾਰੀ ਕੀਤਾ ਹੈ। ਇਸ ਸੰਵਿਧਾਨ ਸੋਧ ਮੁਤਾਬਕ ਹੀ ਪੁਤਿਨ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਆਪਣੀ ਮਿਆਦ ਖਤਮ ਹੋਣ ਤੋਂ ਬਾਅਦ 6 ਸਾਲਾਂ ਲਈ 2 ਵਾਰ ਹੋਰ ਰਾਸ਼ਟਰਪਤੀ ਬਣਨ ਦਾ ਮੌਕਾ ਮਿਲੇਗਾ। ਪੁਤਿਨ ਫਿਲਹਾਲ 2024 ਲਈ ਰਾਸ਼ਟਰਪਤੀ ਚੁਣੇ ਗਏ ਹਨ ਪਰ ਸੰਵਿਧਾਨ ਦੀ ਇਸ ਸੋਧ ਦੇ ਜ਼ਰੀਏ ਉਹ 2024 ਤੋਂ ਬਾਅਦ 12 ਸਾਲ ਹੋਰ ਰਾਸ਼ਟਰਪਤੀ ਬਣੇ ਰਹਿਣਗੇ। ਇਸ ਤੋਂ ਪਹਿਲਾਂ ਸੰਵਿਧਾਨ ਦੀ ਸੋਧ ਕਰਨ ਲੱਗਿਆਂ ਪੁਤਿਨ ਦਾ ਨਾਅਰਾ ਸੀ ਸਾਡਾ ਦੇਸ਼ ਸਾਡਾ ਸੰਵਿਧਾਨ ਅਤੇ ਸਾਡੇ ਫੈਸਲੇ। ਸੰਵਿਧਾਨ ਵਿਚ ਕਈ ਸੋਧਾਂ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਸੋਧਾਂ ਵਿਚੋਂ ਵਿਆਹ ਨੂੰ ਲੈ ਕੇ ਕੀਤੀ ਗਈ ਸੋਧ ਸਭ ਤੋਂ ਜ਼ਿਆਦਾ ਚਰਚਾ ਵਿਚ ਹੈ ਅਤੇ ਉਸ ਵਿਚ ਵਿਆਹ ਨੂੰ ਸਖ਼ਤ ਤੌਰ 'ਤੇ ਆਦਮੀ  ਅਤੇ ਔਰਤ ਦਾ ਗਠਬੰਧਨ ਬਣਾਇਆ ਗਿਆ ਹੈ। ਪੁਤਿਨ ਪਿਛਲੇ 20 ਸਾਲ ਤੋਂ ਰੂਸ ਦੇ ਰਾਸ਼ਟਰਪਤੀ ਹਨ ਅਤੇ 2036 ਵਿਚ ਜਦੋਂ ਉਨ੍ਹਾਂ ਦੇ ਅਹੁਦੇ ਦੀ ਮਿਆਦ ਖਤਮ ਹੋਵੇਗੀ ਤਾਂ ਉਹ 84 ਸਾਲ ਦੇ ਹੋ ਜਾਣਗੇ।

Sunny Mehra

This news is Content Editor Sunny Mehra