ਕੈਨੇਡਾ ਚੋਣਾਂ : ਬਰੈਂਪਟਨ ਤੇ ਸਰੀ 'ਚ ਪੰਜਾਬੀਆਂ ਨਾਲ ਭਿੜਨਗੇ ਪੰਜਾਬੀ

10/21/2019 3:15:14 PM

ਬਰੈਂਪਟਨ— ਕੈਨੇਡਾ 'ਚ ਅੱਜ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਜਿਥੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਸੰਸਦੀ ਚੋਣ 'ਚ ਜਿੱਤ ਹਾਸਲ ਕਰਨ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ ਉਥੇ ਹੀ ਇਨ੍ਹਾਂ ਚੋਣਾਂ 'ਚ ਪੰਜਾਬੀ ਉਮੀਦਵਾਰਾਂ ਦੀ ਸ਼ਮੂਲੀਅਤ ਨੇ ਮੁਕਾਬਲਾ ਹੋਰ ਦਿਲਚਸਪ ਬਣਾ ਦਿੱਤਾ ਹੈ। ਇਨ੍ਹਾਂ ਚੋਣਾਂ ਦੌਰਾਨ ਬਰੈਂਪਟਨ, ਸਰੀ ਤੇ ਕੈਲਗਰੀ 'ਚ ਪੰਜਾਬੀਆਂ ਦਾ ਪੰਜਾਬੀਆਂ ਨਾਲ ਮੁਕਾਬਲਾ ਹੋਣ ਵਾਲਾ ਹੈ।

ਦੱਸ ਦਈਏ ਕਿ ਫੈਡਰਲ ਚੋਣਾਂ 'ਚ ਸਰੀ ਸੈਂਟਰ ਤੋਂ ਲਿਬਰਲ ਪਾਰਟੀ ਵਲੋਂ ਰਨਦੀਪ ਸਿੰਘ ਸਰਾਏ, ਕੰਜ਼ਰਵੇਟਿਵ ਵਲੋਂ ਟੀਨਾ ਬੈਂਸ ਤੇ ਐੱਨ.ਡੀ.ਪੀ. ਵਲੋਂ ਸਰਜੀਤ ਸਿੰਘ ਸਿੰਘ, ਸਰੀ ਨਿਊਟਨ ਤੋਂ ਸੁਖ ਧਾਲੀਵਾਲ (ਲਿਬਰਲ), ਹਰਪ੍ਰੀਤ ਸਿੰਘ (ਕੰਜ਼ਰਵੇਟਿਵ), ਹਰਜੀਤ ਸਿੰਘ (ਐੱਨ.ਡੀ.ਪੀ) ਚੋਣ ਮੈਦਾਨ 'ਚ ਹਨ। ਇਸੇ ਤਰ੍ਹਾਂ ਬਰੈਂਪਟਨ ਸੈਂਟਰ ਤੋਂ ਰਮੇਸ਼ ਸੰਘਾ (ਲਿਬਰਲ) ਤੇ ਪਵਨਜੀਤ ਗੋਸਾਲ (ਕੰਜ਼ਰਵੇਟਿਵ), ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ (ਲਿਬਰਲ) ਰਮੋਨਾ ਸਿੰਘ(ਕੰਜ਼ਰਵੇਟਿਵ) ਤੇ ਸਰਨਜੀਤ ਸਿੰਘ (ਐੱਨ.ਡੀ.ਪੀ.), ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ (ਲਿਬਰਲ) ਤੇ ਅਰਪਨ ਖੰਨਾ (ਕੰਜ਼ਰਵੇਟਿਵ), ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ (ਲਿਬਰਲ) ਰਮਨਦੀਪ ਬਰਾੜ (ਕੰਜ਼ਵੇਟਿਵ) ਮਨਦੀਪ ਕੌਰ (ਐੱਨ.ਡੀ.ਪੀ.), ਬਰੈਂਪਟਨ ਵੈਸਟ ਤੋਂ ਕਮਲ ਖਹਿਰਾ (ਲਿਬਰਲ), ਮੁਰਾਰੀਲਾਲ ਥਾਪਲੀਆਲ (ਕੰਜ਼ਰਵੇਟਿਵ) ਨਵਜੀਤ ਕੌਰ (ਐੱਨ.ਡੀ.ਪੀ.) ਵਲੋਂ ਚੋਣ ਮੈਦਾਨ 'ਚ ਉੱਤਰੇ ਹਨ।

ਦੱਸਣਯੋਗ ਹੈ ਕਿ ਪਿਛਲੀਆਂ ਫੈਡਰਲ ਚੋਣਾਂ, ਜੋ ਕਿ 2015 'ਚ ਹੋਈਆਂ ਸਨ, 'ਚ ਹਾਊਸ ਆਫ ਕਾਮਨਸ ਲਈ ਰਿਕਾਰਡ 19 ਪੰਜਾਬੀ ਚੁਣੇ ਗਏ ਸਨ, ਜਿਨ੍ਹਾਂ 'ਚੋਂ ਚਾਰ ਨੂੰ ਟਰੂਡੋ ਸਰਕਾਰ ਵਲੋਂ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਚੋਣਾਂ ਦੌਰਾਨ ਘੱਟ ਤੋਂ ਘੱਟ 47 ਪੰਜਾਬੀ ਉਮੀਦਵਾਰ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ, ਅਲਬਰਟਾ ਤੇ ਕਿਊਬਿਕ ਸੂਬਿਆਂ 'ਚ ਆਪਣੀ ਕਿਸਮਤ ਅਜ਼ਮਾਉਣਗੇ, ਜਿਨ੍ਹਾਂ 'ਚੋਂ 16 ਵਰਤਮਾਨ ਐੱਮ.ਪੀ. ਹਨ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ, ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਇਨੋਵੇਸ਼ਨ ਮੰਤਰੀ ਨਵਦੀਪ ਬੈਂਸ, ਕੁਦਰਤੀ ਸਰੋਤਾਂ ਬਾਰੇ ਮੰਤਰੀ ਅਮਰਜੀਤ ਸਿੰਘ ਸੋਹੀ ਤੇ ਬਰਦੀਸ਼ ਚੱਗਰ ਇਨ੍ਹਾਂ ਚੋਣਾਂ 'ਚ ਦੁਬਾਰਾ ਆਪਣੀ ਕਿਸਮਤ ਅਜ਼ਮਾਉਣਗੇ।

ਇਨ੍ਹਾਂ ਚੋਣਾਂ 'ਚ ਇਸ ਵਾਰ ਇਕ ਪ੍ਰਮੁੱਖ ਸਿਆਸੀ ਨੇਤਾ ਦੀਪਕ ਓਬਰਾਏ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ, ਜੋ ਕਿ ਸਾਲ 1997 'ਚ ਕੈਨੇਡਾ ਦਾ ਪਹਿਲੇ ਹਿੰਦੂ ਐੱਮ.ਪੀ. ਚੁਣੇ ਗਏ ਸਨ। ਉਹ ਕੰਜ਼ਰਵੇਟਿਵ ਪਾਰਟੀ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾਵਾਂ ਨਿਭਾਉਣ ਵਾਲੇ ਐੱਮ.ਪੀ. ਸਨ। ਉਨ੍ਹਾਂ ਦਾ ਅਗਸਤ ਮਹੀਨੇ ਦਿਹਾਂਤ ਨਹੀਂ ਹੋ ਗਿਆ ਸੀ। ਬਰੈਂਪਟਨ ਨਾਰਥ ਤੋਂ ਐੱਮ.ਪੀ. ਰੂਬੀ ਸਹੋਤਾ ਨੇ ਕਿਹਾ ਕਿ ਮੈਂ ਚੋਣਾਂ ਦੇ ਕੱਲ ਆਉਣ ਵਾਲੇ ਨਤੀਜਿਆਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੇਰੇ ਇਲਾਕੇ ਦੇ ਲੋਕਾਂ ਮੈਨੂੰ ਤੇ ਮੇਰੇ ਵੱਲੋਂ ਸਾਲਾਂ ਤੋਂ ਕੀਤੇ ਕੰਮ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਅਸੀਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ 'ਚ ਜਾ ਕੇ ਮਿਲੇ ਤੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਸਰੀ ਨਿਊਟਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਹੁਤ ਗਲਤ ਚੋਣ ਪ੍ਰਚਾਰ ਹੋਇਆ ਹੈ ਪਰ ਵੋਟਰ ਇਸ ਵਾਰ ਅੱਕ ਚੁੱਕੇ ਹਨ ਕਿਉਂਕਿ ਉਨ੍ਹਾਂ ਕੋਲ ਨੌਕਰੀ ਨਹੀਂ ਹੈ। ਮੈਂ 18000 ਘਰਾਂ 'ਚ ਗਿਆ ਹਾਂ ਤੇ ਮੈਨੂੰ ਲੱਗ ਰਿਹਾ ਹੈ ਕਿ ਕੱਲ ਵੱਖਰੇ ਨਤੀਜੇ ਹੋਣਗੇ।


Baljit Singh

Content Editor

Related News