ਆਸਟ੍ਰੇਲੀਆ: ਪੰਜਾਬੀ ਨੌਜਵਾਨ ਨੂੰ ਚੋਰੀ ਦੇ ਦੋਸ਼ਾਂ ''ਚ ਹੋਈ ਸਜ਼ਾ

10/06/2019 5:10:54 PM

ਸਿਡਨੀ— ਆਸਟ੍ਰੇਲੀਆ 'ਚ ਚੋਰੀਆਂ ਕਰਨ ਦੇ ਮਾਮਲੇ 'ਚ ਫੈਡਰਲ ਪੁਲਸ ਵਲੋਂ ਪਿਛਲੇ ਸਾਲ ਫੜੇ ਗਏ ਤਿੰਨ ਪੰਜਾਬੀ ਨੌਜਵਾਨਾਂ 'ਚੋਂ ਇਕ ਨਵਜਿੰਦਰ ਸਿੰਘ ਨੂੰ ਅਦਾਲਤ ਨੇ 18 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਚੋਰੀ ਦੇ ਮਾਮਲੇ 'ਚ ਫੜੇ ਗਏ ਦੂਜੇ ਦੋ ਨੌਜਵਾਨਾਂ ਦੀ ਸ਼ਨਾਖਤ ਹਰਦੀਪ ਸਿੰਘ ਤੇ ਗੁਰਵਿੰਦਰ ਸਿੰਘ ਗਿੱਲ ਵਜੋਂ ਹੋਈ। ਇਹ ਸਾਰੇ ਪੜ੍ਹਾਈ ਦੇ ਵੀਜ਼ੇ 'ਤੇ ਆਸਟ੍ਰੇਲੀਆ ਆਏ ਸਨ।

ਅਦਾਲਤ ਨੇ ਮੁਲਜ਼ਮ ਨੂੰ ਸਜ਼ਾ ਕੱਟਣ ਤੋਂ ਬਾਅਦ ਦੇਸ਼ ਨਿਕਾਲਾ ਦੇਣ ਦਾ ਵੀ ਸਖ਼ਤ ਹੁਕਮ ਸੁਣਾਇਆ। ਅਦਾਲਤ 'ਚ ਦੋਸ਼ ਸਾਬਤ ਹੋਇਆ ਕਿ ਨਵਜਿੰਦਰ ਨੇ ਵੱਖ-ਵੱਖ ਗੁਦਾਮਾਂ 'ਚੋਂ ਬੇਬੀ ਫਾਰਮੂਲਾ ਦੇ ਟੀਨ ਤੇ ਵਿਟਾਮਿਨ ਚੋਰੀ ਕੀਤੇ। ਇਹ ਫਾਰਮੁਲਾ ਬੱਚਿਆਂ ਦੇ ਪੌਸ਼ਟਿਕ ਆਹਾਰ ਵਜੋਂ ਜਾਣਿਆ ਜਾਂਦਾ ਹੈ। ਇਸ ਸੁੱਕੇ ਦੁੱਧ ਦੀ ਚੀਨ ਤੇ ਹੋਰ ਦੇਸ਼ਾਂ ਨੂੰ ਸਮਗਲਿੰਗ ਹੁੰਦੀ ਹੈ। ਨਵਜਿੰਦਰ ਨੇ 1,70,000 ਡਾਲਰ ਦੇ ਫਾਰਮੂਲੇ ਤੇ ਵਿਟਾਮਿਨ ਚੋਰੀ ਕਰਨ ਦੀ ਗੱਲ ਮੰਨੀ ਸੀ। ਉਹ ਸਾਲ 2014 'ਚ ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਆਇਆ ਸੀ।

ਮੁਲਜ਼ਮ ਹਰਦੀਪ ਸਿੰਘ ਨੇ ਅੱਠ ਚੋਰੀਆਂ ਕਰਨ ਤੇ ਗੁਰਵਿੰਦਰ ਗਿੱਲ ਨੇ 5 ਲੱਖ ਡਾਲਰ ਤੋਂ ਵਧ ਦੀ ਕੀਮਤ ਵਾਲੇ 19 ਜੁਰਮ ਮੰਨੇ ਹਨ। ਇਹ ਦੋਵੇਂ ਪਹਿਲਾਂ ਤੋਂ ਹੀ ਸਜ਼ਾ ਕੱਟ ਰਹੇ ਹਨ। ਨਵਜਿੰਦਰ ਪੁਲਸ ਨੂੰ ਚਕਮਾ ਦੇ ਫਰਾਰ ਹੋ ਗਿਆ ਸੀ। ਉਸ ਨੂੰ ਸੂਬਾ ਨਿਊ ਸਾਊਥ ਵੇਲਜ਼ ਤੋਂ ਫੜ੍ਹ ਕੇ ਅਦਾਲਤ 'ਚ ਪੇਸ਼ ਕੀਤਾ ਗਿਆ।


Baljit Singh

Content Editor

Related News