ਇਟਲੀ ''ਚ ਪੰਜਾਬੀ ਨੌਜਵਾਨ ਦੀ ਭੇਤ-ਭਰੀ ਹਾਲਤ ''ਚ ਮੌਤ

04/20/2020 11:43:44 PM

ਰੋਮ (ਕੈਂਥ)- ਇਟਲੀ 'ਚ ਇੱਕ ਪਾਸੇ ਕੋਵਿਡ-19 ਦੀ ਤਬਾਹੀ ਨੇ ਹਜ਼ਾਰਾਂ ਲੋਕਾਂ ਦੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ ਤੇ ਦੂਜੇ ਪਾਸੇ ਭਾਰਤੀ ਭਾਈਚਾਰੇ ਵਿੱਚ ਲਾਕਡਾਊਨ ਦੌਰਾਨ ਹੋ ਰਹੀਆਂ ਕੁਦਰਤੀ ਤੇ ਭੇਦਭਰੀ ਹਾਲਤਾਂ 'ਚ ਮੌਤਾਂ ਭਾਈਚਾਰੇ ਦਾ ਲੱਕ ਤੋੜ ਰਹੀਆਂ ਹਨ। ਲਾਕਡਾਊਨ 'ਚ ਪਹਿਲਾਂ 4 ਮੌਤਾਂ ਕੋਰੋਨਾਵਾਇਰਸ ਕਾਰਨ ਤੇ 7 ਹੋਰ ਕਾਰਨਾਂ ਕਾਰਨ। ਇਸ ਸਦਮੇ ਤੋਂ ਪੰਜਾਬੀ ਭਾਈਚਾਰਾ ਹਾਲੇ ਬਾਹਰ ਨਹੀ ਸੀ ਆਇਆ ਕਿ ਇੱਕ ਹੋਰ ਪੰਜਾਬੀ ਨੌਜਵਾਨ ਗੁਰਮੁੱਖ ਸਿੰਘ (38) ਦੀ ਮਿੰਨੀ ਪੰਜਾਬ ਸੂਬਾ ਲਾਸੀਓ ਦੇ ਜ਼ਿਲਾ ਲਾਤੀਨਾ 'ਚ ਭੇਤ-ਭਰੀ ਹਾਲਤ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਸਾਹਮਣ੍ਹੇ ਆਇਆ ਹੈ। ਮ੍ਰਿਤਕ ਦੀ ਭੈਣ ਰੁਪਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਗੁਰਮੁੱਖ ਸਿੰਘ ਪੁੱਤਰ ਸਵ: ਨਛੱਤਰ ਸਿੰਘ 2009 ਵਿੱਚ ਇਟਲੀ ਆਇਆ ਸੀ।

ਉਹ ਲਾਤੀਨਾ ਸ਼ਹਿਰ ਵਿੱਚ ਕੰਮ ਕਰਦਾ ਸੀ। ਰੁਪਿੰਦਰ ਕੌਰ ਜੋ ਕਿ ਇਟਲੀ ਦੇ ਸ਼ਹਿਰ ਤੇਰਨੀ ਵਿਖੇ ਰਹਿੰਦੀ ਹੈ ਉਸ ਨੂੰ ਬੀਤੇ ਦਿਨ ਲਾਤੀਨਾ ਪੁਲਸ ਦਾ ਫੋਨ ਆਇਆ ਕਿ ਇੱਕ ਭਾਰਤੀ ਨੌਜਵਾਨ ਦੀ ਲਾਸ਼ ਪੁਲਸ ਨੂੰ ਮਿਲੀ ਹੈ, ਜਿਸ ਦੀ ਜੇਬ ਵਿੱਚ ਤੁਹਾਡਾ ਫੋਨ ਨੰਬਰ ਮਿਲਿਆ ਤੁਸੀ ਲਾਤੀਨਾ ਆ ਜਾਓ ਤੇ ਇਸ ਲਾਸ਼ ਦੀ ਪਛਾਣ ਕਰੋ। ਅਗਲੇ ਹੀ ਦਿਨ ਰੁਪਿੰਦਰ ਕੌਰ ਆਪਣੇ ਪਤੀ ਨਾਲ ਲਾਤੀਨਾ ਪਹੁੰਚ ਗਈ, ਜਿੱਥੇ ਕਿ ਉਸ ਨੇ ਆਪਣੇ ਭਰਾ ਗੁਰਮੁੱਖ ਸਿੰਘ ਨੂੰ ਮ੍ਰਿਤਕ ਹਾਲਤ ਵਿੱਚ ਦੇਖਿਆ।

ਰੁਪਿੰਦਰ ਕੌਰ ਲਈ ਇਹ ਸਦਮਾ ਅਸਹਿ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਰੱਬ ਨੇ ਉਸ ਦੇ ਮਾਪੇ ਉਸ ਤੋਂ ਖੋਹ ਲਏ ਸਨ। ਪਰਿਵਾਰ ਵਿੱਚ ਉਹ ਦੋ ਭੈਣਾਂ ਤੇ ਦੋ ਭਰਾ ਸਨ। ਗੁਰਮੁੱਖ ਸਿੰਘ ਦਾ ਹੁਣ ਵਿਆਹ ਕਰਨਾ ਸੀ ਪਰ ਰੱਬ ਨੇ ਉਸ ਨੂੰ ਖੋਹ ਲਿਆ। ਲਾਤੀਨਾ ਪੁਲਸ ਨੇ ਗੁਰਮੁੱਖ ਸਿੰਘ ਦੀ ਮੌਤ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਹੈ। ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਰੁਪਿੰਦਰ ਕੌਰ ਅਨੁਸਾਰ ਮ੍ਰਿਤਕ ਗੁਰਮੁੱਖ ਸਿੰਘ ਦੀ ਭੇਤ-ਭਰੀ ਹਾਲਤ ਵਿੱਚ ਹੋਈ ਮੌਤ ਦਾ ਪੁਲਸ ਜਲਦ ਹੀ ਪਤਾ ਕਰ ਲਵੇਗੀ, ਜਿਸ ਦੀ ਉਸ ਨੂੰ ਉਡੀਕ ਹੈ। ਗੁਰਮੁੱਖ ਸਿੰਘ ਦੀ ਮ੍ਰਿਤਕ ਦੇਹ ਲਾਤੀਨਾ ਹੀ ਹੈ ਜਿਸ ਦਾ ਇਟਲੀ ਵਿਚ ਹੀ ਸੱਸਕਾਰ ਕੀਤਾ ਜਾਵੇਗਾ।


Sunny Mehra

Content Editor

Related News