ਫਰਾਂਸ ਵਿਖੇ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ

04/04/2020 10:40:17 PM

ਪੈਰਿਸ (ਭੱਟੀ)–ਬੀਤੇ ਦਿਨੀਂ ਫਰਾਂਸ ’ਚ ਇਕ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ ਜ਼ਿਲੇ ਦੇ ਪਿੰਡ ਆਲਮਾਂ ਦਾ 25 ਸਾਲਾ ਪੰਜਾਬੀ ਨੌਜਵਾਨ ਸਤਨਾਮ ਸਿੰਘ, ਜੋ ਕਿ ਫਰਾਂਸ ਵਿਚ ਪਿਛਲੇ ਚਾਰ ਸਾਲਾਂ ਤੋਂ ਰਹਿ ਰਿਹਾ ਸੀ ਅਤੇ ਉਹ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚਲ ਰਿਹਾ ਸੀ। ਉਹ ਕਈ ਵਾਰ ਹਸਪਤਾਲ ਦਵਾਈ ਵੀ ਲੈਣ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਪੂਰਨ ਸਹਿਯੋਗ ਨਹੀਂ ਸੀ ਮਿਲ ਰਿਹਾ, ਜਿਸ ਕਾਰਣ ਬੀਤੀ ਰਾਤ ਉਸ ਦੀ ਘਰ ਵਿਚ ਹੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ।

ਪੁਲਸ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਨੌਜਵਾਨ ਦੀ ਮੌਤ ਕਿਵੇਂ ਹੋਈ। ਉਸਦੇ ਸਾਥੀਆਂ ਦੇ ਕਹਿਣ ਮੁਤਾਬਕ ਸਤਨਾਮ ਸਿੰਘ ਪਿਛਲੇ ਦੋ ਦਿਨਾਂ ਤੋਂ ਚੁੱਪ-ਚਾਪ ਆਪਣੇ ਕਮਰੇ ਵਿਚ ਬੈਠਾ ਕੁਝ ਨਾ ਕੁਝ ਸੋਚਦਾ ਰਹਿੰਦਾ ਸੀ। ਵੈਸੇ ਇਸ ਵੇਲੇ ਫਰਾਂਸ ਦੇ ਹਸਪਤਾਲ਼ਾਂ ਵਿਚ ਨਵੇਂ ਮਰੀਜ਼ਾਂ ਲਈ ਥਾਂ ਦੀ ਘਾਟ ਹੋਣ ਕਾਰਣ ਬਹੁਤੇ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਬਾਰੀਕੀ ਨਾਲ ਚੈੱਕ ਹੀ ਨਹੀਂ ਕੀਤਾ ਜਾਂਦਾ, ਸਗੋਂ ਦਵਾਈ ਦੇ ਕੇ ਹੀ ਘਰ ਭੇਜ ਦਿੱਤਾ ਜਾਂਦਾ ਹੈ।


Sunny Mehra

Content Editor

Related News