ਜਾਂਦੇ-ਜਾਂਦੇ ਰੁਆ ਗਿਆ 2017, ਆਸਟ੍ਰੇਲੀਆ 'ਚ ਪੰਜਾਬੀ ਦੀ ਮੌਤ

12/26/2017 4:57:01 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਸਾਲ 2017 ਜਾਂਦੇ-ਜਾਂਦੇ ਵੀ ਅੱਖਾਂ 'ਚ ਹੰਝੂ ਦੇ ਗਿਆ। ਆਸਟ੍ਰੇਲੀਆ ਤੋਂ ਭਾਰਤੀ ਭਾਈਚਾਰੇ ਲਈ ਬਹੁਤ ਹੀ ਦੁੱਖ ਭਰੀ ਖ਼ਬਰ ਆਈ ਹੈ। ਇੱਥੇ ਇਕ ਪੰਜਾਬੀ ਨੌਜਵਾਨ ਦੀ ਅਚਾਨਕ ਡੁੱਬਣ ਕਰ ਕੇ ਮੌਤ ਹੋ ਗਈ ਹੈ। ਇਹ ਹਾਦਸਾ ਕ੍ਰਿਸਮਿਸ ਵਾਲੇ ਦਿਨ ਸ਼ਾਮ ਨੂੰ ਲੱਗਭਗ 4.00 ਵਜੇ ਦੇ ਕਰੀਬ ਗੋਲਡ ਕੋਸਟ ਨੇੜੇ ਦੁਰਨਬਾਹ ਬੀਚ 'ਤੇ ਵਾਪਰਿਆ, ਜਿਸ 'ਚ ਰਵਨੀਤ ਸਿੰਘ ਗਿੱਲ ਨਾਂ ਦੇ 22 ਸਾਲਾ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਪਿੰਡ ਗਿੱਲ ਨਾਲ ਸੰਬੰਧਤ ਸੀ, ਜੋ ਕਿ ਇੱਥੇ ਉਚੇਰੀ ਵਿੱਦਿਆ ਹਾਸਲ ਕਰਨ ਲਈ ਆਇਆ ਸੀ।


ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਵਨੀਤ ਸਿੰਘ ਆਪਣੇ 6 ਦੋਸਤਾਂ ਨਾਲ ਬੀਚ 'ਤੇ ਖੇਡ ਰਿਹਾ ਸੀ। ਅਚਾਨਕ ਮੌਸਮ ਖਰਾਬ ਹੋ ਜਾਣ ਕਾਰਨ ਇਹ 7 ਪੰਜਾਬੀ ਨੌਜਵਾਨ ਸਮੁੰਦਰੀ ਲਹਿਰਾਂ ਦੀ ਲਪੇਟ 'ਚ ਆ ਗਏ। 6 ਨੌਜਵਾਨਾਂ ਨੂੰ ਬਚਾਅ ਟੀਮ ਵਲੋਂ ਬਚਾ ਲਿਆ ਗਿਆ, ਜਦਕਿ ਐਮਰਜੈਂਸੀ ਅਧਿਕਾਰੀਆਂ ਵਲੋਂ ਮ੍ਰਿਤਕ ਨੌਜਵਾਨ ਨੂੰ ਮੁੱਢਲੀ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਪਰ ਉਸ ਨੇ ਦਮ ਤੋੜ ਦਿੱਤਾ। 2 ਨੌਜਵਾਨ ਹਸਪਤਾਲ ਵਿਚ ਜੇਰੇ ਇਲਾਜ ਹਨ, ਜਿਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਆਸਟ੍ਰੇਲੀਆ ਦੇ ਇਕ ਚੈਨਲ ਦੀ ਰਿਪੋਰਟ ਮੁਤਾਬਕ ਬਚਾਅ ਟੀਮ ਨੇ ਖਰਾਬ ਮੌਸਮ ਹੋਣ ਦੀ ਚੇਤਾਵਨੀ ਕਾਰਨ ਪਾਣੀ ਵਿਚ ਜਾਣ ਦੀ ਮਨਾਹੀ ਕੀਤੀ ਹੋਈ ਸੀ ਪਰ ਨੌਜਵਾਨਾਂ ਨੇ ਲਾਪਰਵਾਹੀ ਵਰਤਦਿਆਂ ਚੇਤਾਵਨੀ ਨੂੰ ਨਾ ਮੰਨਦਿਆਂ ਆਪਣੀ ਜਾਨ ਨੂੰ ਜੋਖਮ ਵਿਚ ਪਾ ਦਿੱਤਾ। 
ਪੰਜਾਬੀ ਭਾਈਚਾਰੇ ਵਲੋਂ ਭਾਰਤੀ ਰਾਜਦੂਤ ਦੇ ਸਹਿਯੋਗ ਦੇ ਨਾਲ ਮ੍ਰਿਤਕ ਦੇਹ ਛੇਤੀ ਹੀ ਪੰਜਾਬ ਭੇਜਣ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਪੰਜਾਬੀ ਨੌਜਵਾਨ ਦੀ ਹੋਈ ਬੇਵਕਤ ਮੌਤ 'ਤੇ ਪੰਜਾਬੀ ਭਾਈਚਾਰੇ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।