ਪੰਜਾਬੀ ਲਿਖਾਰੀ ਫੋਰਮ ਯੂ. ਕੇ. ਵਲੋਂ ਲੇਖਿਕਾ ਅਜੀਤ ਸਤਨਾਮ ਕੌਰ ਸਨਮਾਨਿਤ

06/22/2017 7:21:46 PM

ਲੰਡਨ (ਮਨਦੀਪ ਖੁਰਮੀ)—ਫਾਰੈਸਟ ਗੇਟ ਲੰਡਨ ਵਿਖੇ ਪੰਜਾਬੀ ਲਿਖਾਰੀ ਫੋਰਮ ਯੂ. ਕੇ. ਵਲੋਂ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਜਨਰਲ ਸਕੱਤਰ ਤਰਸੇਮ ਸਿੰਘ ਭੋਗਲ ਅਤੇ ਹਰਚਰਨ ਸਿੰਘ ਸੈਹਮੀ ਦੀ ਸਰਪ੍ਰਸਤੀ ਅਧੀਨ ਹੋਏ ਇਸ ਸਮਾਗਮ ਦੌਰਾਨ ਪਹੁੰਚੇ ਹੋਏ ਕਵੀਜਨ, ਕਵਿੱਤਰੀਆਂ ਵਲੋਂ ਆਪੋ ਆਪਣੀਆਂ ਰਚਨਾਵਾਂ ਰਾਹੀਂ ਮਾਹੌਲ ਨੂੰ ਖੁਸ਼ਗਵਾਰ ਕੀਤਾ। ਇਸ ਸਮੇਂ ਲੇਖਿਕਾ ਅਜੀਤ ਸਤਨਾਮ ਕੌਰ ਨੂੰ ਉਨ੍ਹਾਂ ਦੀ ਇੱਕ ਕਹਾਣੀ 'ਤੇ ਆਧਾਰਿਤ ਲਘੂ ਫਿਲਮ ਸੀਬੋ ਦੇ ਸੰਬੰਧ ਵਿੱਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਅਜੀਤ ਸਤਨਾਮ ਕੌਰ ਵੱਲੋਂ ਇਸ ਫਿਲਮ ਦੀ ਕਹਾਣੀ ਬਾਰੇ ਹਾਜਰੀਨ ਨਾਲ ਸ਼ਾਬਦਿਕ ਸਾਂਝ ਪਾਈ ਗਈ। ਉਹਨਾਂ ਕਿਹਾ ਕਿ ਇਸ ਫਿਲਮ ਵਿੱਚ ਇੱਕ ਔਰਤ ਦੇ ਜੀਵਨ ਦੀ ਤ੍ਰਾਸਦੀ, ਕਠਪੁਤਲੀ ਵਾਂਗ ਹਰ ਕਿਸੇ ਵੱਲੋਂ ਨਚਾਏ ਜਾਂਦੇ ਨਾਚ, ਮਜ਼ਬੂਰੀ ਦਾ ਲਾਹਾ ਲੈਣ ਲਈ ਆਤੁਰ ਰਹਿੰਦੀ ਮਰਦ ਮਾਨਸਿਕਤਾ ਆਦਿ ਵਿਸ਼ਿਆਂ ਨੂੰ ਛੋਹਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਲਘੂ ਫਿਲਮ ਦੇ ਸੰਵਾਦ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੇ ਰਚੇ ਸਨ ਅਤੇ ਨਿਰਦੇਸ਼ਕ ਦੇ ਫਰਜ਼ ਲਵਲੀ ਸ਼ਰਮਾ ਧੂੜਕੋਟ ਅਤੇ ਕੁਲਵੰਤ ਕੌਰ ਖੁਰਮੀ ਨੇ ਨਿਭਾਏ ਸਨ। ਇਸ ਸਮੇਂ ਬੋਲਦਿਆਂ ਤਰਸੇਮ ਸਿੰਘ ਭੋਗਲ ਨੇ ਕਿਹਾ ਕਿ ਅਜੀਤ ਸਤਨਾਮ ਕੌਰ ਵਲੋਂ ਕਹਾਣੀ ਨੂੰ ਫਿਲਮ ਦੇ ਰੂਪ 'ਚ ਢਾਲ ਕੇ ਫਿਲਮ ਲੇਖਣ ਖੇਤਰ 'ਚ ਪੈਰ ਪਾਉਣਾ ਮਾਣ ਵਾਲੀ ਗੱਲ ਤਾਂ ਹੈ ਹੀ ਸਗੋਂ ਹੋਰਨਾਂ ਲੇਖਿਕਾਵਾਂ ਲਈ ਹੌਂਸਲੇ ਵਾਲੀ ਗੱਲ ਵੀ ਹੈ। ਉਨ੍ਹਾਂ ਲੇਖਿਕਾ ਤੋਂ ਨੇੜ ਭਵਿੱਖ 'ਚ ਹੋਰ ਸਰਗਰਮੀ ਨਾਲ ਸਾਹਿਤਕ ਖੇਤਰ 'ਚ ਵਿਚਰਦੇ ਰਹਿਣ ਦੀ ਉਮੀਦ ਪ੍ਰਗਟਾਈ। ਇਸ ਸਮੇਂ ਕਰਮਜੀਤ ਕੌਰ ਭੋਗਲ, ਕਸ਼ਮੀਰ ਕੌਰ ਡੀਗਨ, ਬਲਬੀਰ ਸਿੰਘ ਪਰਵਾਨਾ, ਅਜੀਤ ਸਿੰਘ ਸੁੰਦਰ ਆਦਿ ਸਮੇਤ ਭਾਰੀ ਗਿਣਤੀ 'ਚ ਸਾਹਿਤ ਪ੍ਰੇਮੀ ਹਾਜ਼ਰ ਸਨ।