ਆਸਟ੍ਰੇਲੀਅਨ ਪੰਜਾਬੀ ਲੇਖਕਾਂ ਵੱਲੋਂ ''ਪੰਜਾਬੀ ਸਾਹਿਤ ਅਕਾਦਮੀ'' ਦੀ ਨਵੀਂ ਚੁਣੀ ਕਮੇਟੀ ਨੂੰ ਵਧਾਈਆਂ

04/18/2018 10:09:20 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਪੰਜਾਬੀ ਸਾਹਿਤ ਦੀ ਸਿਰਮੌਰ ਸਾਹਿਤਕ ਸੰਸਥਾ 'ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ' ਦੀ ਪਿਛਲੇ ਦਿਨੀਂ ਹੋਈ ਦਿਲਚਸਪ ਚੋਣ 'ਚ ਜੇਤੂ ਉਮੀਦਵਾਰਾਂ ਨੂੰ ਵਧਾਈ ਦੇਣ ਲਈ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਦੀ ਵਿਸ਼ੇਸ਼ ਬੈਠਕ ਸਕੱਤਰ ਸਰਬਜੀਤ ਸੋਹੀ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ 'ਚ ਪ੍ਰਧਾਨ ਦੇ ਅਹੁਦੇ ਲਈ ਚੋਣ ਜਿੱਤੇ ਉਮੀਦਵਾਰ ਉੱਘੇ ਪੰਜਾਬੀ ਲੇਖਕ ਅਤੇ ਵਿਦਵਾਨ ਡਾ. ਰਵਿੰਦਰ ਭੱਠਲ ਅਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ। ਡਾ. ਰਵਿੰਦਰ ਭੱਠਲ ਦੀ ਅਗਵਾਈ 'ਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਤੋਂ ਭਵਿੱਖ ਵਿਚ ਹੋਰ ਵੀ ਪ੍ਰਭਾਵਸ਼ਾਲੀ ਕਾਰਜਾਂ ਦੀ ਆਸ ਪ੍ਰਗਟਾਈ ਗਈ। 
ਜਨਰਲ ਸਕੱਤਰ ਡਾ. ਸੁਰਜੀਤ ਦੀ ਪਿਛਲੀ ਕਾਰਗੁਜ਼ਾਰੀ 'ਤੇ ਮੋਹਰ ਲਗਾਉਂਦਿਆਂ ਉਨ੍ਹਾਂ ਦੀ ਮੁੜ ਚੋਣ ਹੋਈ ਅਤੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ ਨੇ ਨੇੜਲੇ ਮੁਕਾਬਲੇ 'ਚ ਡਾ. ਗੁਰਚਰਨ ਕੌਰ ਕੋਚਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਮੀਤ ਪ੍ਰਧਾਨ ਦੇ ਅਹੁਦੇ ਲਈ ਨੌਜਵਾਨ ਲੇਖਕ ਸਹਿਜਪ੍ਰੀਤ ਮਾਂਗਟ, ਤਰਲੋਚਨ ਲੋਚੀ ਵਰਗੇ ਸੰਜੀਦਾ ਸ਼ਾਇਰ, ਪੁਸਤਕਾਂ ਦੀ ਸੇਵਾ ਕਰਨ ਵਾਲੇ ਖੁਸ਼ਵੰਤ ਬਰਗਾੜੀ, ਮਾਝੇ ਤੋਂ ਪ੍ਰਤੀਨਿਧ ਭੁਪਿੰਦਰ ਸਿੰਘ ਸੰਧੂ ਅਤੇ ਹਰਿਆਣੇ ਤੋਂ ਮਨਜੀਤ ਕੌਰ ਅੰਬਾਲਵੀ ਦੀ ਚੋਣ ਹੋਈ।
ਕਾਰਜਕਾਰਨੀ 'ਚ ਗ਼ਜ਼ਲਗੋ ਸਿਰੀ ਰਾਮ ਅਰਸ਼, ਨੌਜਵਾਨ ਚਿੰਤਕ ਡਾ. ਜਗਵਿੰਦਰ ਜੋਧਾ, ਅਨੁਵਾਦਕ ਤਰਸੇਮ ਬਰਨਾਲਾ, ਡਾ. ਗੁਲਜ਼ਾਰ ਪੰਧੇਰ, ਮਨਜਿੰਦਰ ਸਿੰਘ ਧਨੋਆ, ਗੁਲਜ਼ਾਰ ਸਿੰਘ ਸ਼ੌਕੀ, ਕਮਲਜੀਤ ਨੀਲੋਂ, ਡਾ. ਸ਼ਰਨਜੀਤ ਕੌਰ, ਡਾ. ਸੁਦਰਸ਼ਨ ਗਾਸੋ (ਹਰਿਆਣਾ) ਸੁਰਿੰਦਰ ਨੀਰ ਜੰਮੂ, ਭਗਵੰਤ ਰਸੂਲਪੁਰੀ, ਅਮਰਜੀਤ ਕੌਰ ਹਿਰਦੇ, ਜਸਬੀਰ ਝੱਜ, ਪ੍ਰੇਮ ਸਾਹਿਲ ਆਦਿ ਨੂੰ ਪੰਜਾਬੀ ਦੀ ਇਸ ਸਿਰਕੱਢ ਸੰਸਥਾ ਦੀ ਨੁਮਾਇੰਦਗੀ ਕਰਨ ਲਈ ਚੁਣੇ ਜਾਣ 'ਤੇ ਮੁਬਾਰਕਬਾਦ ਦਿੱਤੀ ਗਈ। 
ਇਸ ਬੈਠਕ 'ਚ ਸਾਰਿਆਂ ਦੀ ਸਹਿਮਤੀ ਨਾਲ ਹਾਜ਼ਰ ਮੈਂਬਰਾਂ ਵੱਲੋਂ ਨਵੀਂ ਚੁਣੀ ਟੀਮ ਤੋਂ ਮੰਗ ਕੀਤੀ ਗਈ ਕਿ ਵਿਦੇਸ਼ਾਂ 'ਚ ਵੱਸਦੇ ਲੇਖਕਾਂ ਨੂੰ ਵੀ ਅਕਾਦਮੀ ਦੀਆਂ ਗਤੀਵਿਧੀਆਂ ਅਤੇ ਰਿਪੋਰਟਿੰਗ ਆਦਿ ਨਾਲ ਜੋੜਿਆ ਜਾਵੇ। ਬਾਹਰ ਵੱਸਦੇ ਮੈਂਬਰਾਂ ਨੂੰ ਨਾਮਜ਼ਦਗੀ ਰਾਹੀਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਤੀਨਿਧੀ ਬਣਾ ਕੇ ਹੱਦਾਂ-ਸਰਹੱਦਾਂ ਤੋਂ ਪਰ੍ਹੇ ਫੈਲ ਰਹੇ ਪੰਜਾਬ ਨੂੰ ਮਾਨਤਾ ਦਿੱਤੀ ਜਾਵੇ। ਇਸ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਜਰਨੈਲ ਸਿੰਘ ਬਾਸੀ, ਸੀਨੀਅਰ ਮੀਤ ਪ੍ਰਧਾਨ ਮਨਜੀਤ ਬੋਪਾਰਾਏ, ਰੁਪਿੰਦਰ ਸੋਜ਼, ਜਸਵੰਤ ਵਾਗਲਾ, ਸੁਰਜੀਤ ਸੰਧੂ, ਪਾਲ ਰਾਊਕੇ, ਨਗਿੰਦਰ ਧਾਲੀਵਾਲ, ਭੁਪਿੰਦਰ ਖਹਿਰਾ, ਜਗਦੀਪ ਗਿੱਲ ਆਦਿ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ।