ਆਸਟ੍ਰੇਲੀਆ 'ਚ ਪੰਜਾਬੀ ਨੂੰ ਹੋਈ ਉਮਰ ਕੈਦ, ਇਹ ਸੀ ਜੁਰਮ

05/18/2019 12:05:07 PM

ਕੁਈਨਜ਼ਲੈਂਡ— ਇਕ ਪੰਜਾਬੀ ਸ਼ਖਸ ਨੂੰ ਆਸਟ੍ਰੇਲੀਆ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ 30 ਸਾਲ ਤੋਂ ਪਹਿਲਾਂ ਜ਼ਮਾਨਤ ਨਹੀਂ ਮਿਲੇਗੀ। ਇਸ ਪੰਜਾਬੀ ਨੇ ਸਾਲ 2016 'ਚ ਆਪਣੀ ਪਤਨੀ ਤੇ ਸੱਸ ਦਾ ਕਤਲ ਕਰ ਦਿੱਤਾ ਸੀ, ਜਦੋਂ ਕਿ ਸਹੁਰੇ ਤੇ ਆਪਣੀ ਧੀ ਨੂੰ ਵੀ ਜ਼ਖਮੀ ਕੀਤਾ ਸੀ। ਇਹ ਪੰਜਾਬੀ ਕੁਈਨਜ਼ਲੈਂਡ ਦਾ ਰਹਿਣ ਵਾਲਾ ਹੈ। 
 

 

46 ਸਾਲਾ ਬਲਵਿੰਦਰ ਸਿੰਘ ਘੁੰਮਣ ਨੂੰ 2016 'ਚ ਕੀਤੇ ਗਏ ਦੋ ਕਤਲਾਂ ਦੀ ਸਜ਼ਾ ਮਿਲੀ ਹੈ। ਵੀਰਵਾਰ ਸਵੇਰੇ ਕਾਇਰਨਸ ਅਦਾਲਤ ਨੇ ਬਲਵਿੰਦਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ।
ਉਸ 'ਤੇ ਦੋਸ਼ ਹੈ ਕਿ ਉਸ ਨੇ ਆਪਣੀ ਪਤਨੀ 'ਤੇ 23 ਵਾਰ ਚਾਕੂ ਨਾਲ ਹਮਲਾ ਕੀਤਾ। ਇਸ ਮਗਰੋਂ ਉਸ ਨੇ ਆਪਣੀ ਸੱਸ ਨੂੰ ਵੀ ਮਾਰ ਦਿੱਤਾ। ਇੰਨੇ 'ਚ ਗੁੱਸਾ ਸ਼ਾਂਤ ਨਾ ਹੋਇਆ ਤਾਂ ਉਸ ਨੇ ਆਪਣੀ ਜਵਾਨ ਧੀ ਅਤੇ ਸਹੁਰੇ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਵੀ ਜ਼ਖਮੀ ਕਰ ਦਿੱਤਾ ਸੀ। ਜਿਸ ਦਿਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਸ ਦਿਨ ਬਲਵਿੰਦਰ ਸ਼ਰਾਬ ਦੇ ਨਸ਼ੇ 'ਚ ਟੱਲੀ ਸੀ। ਅਦਾਲਤ 'ਚ ਉਸ ਨੇ ਆਪਣੀ ਗਲਤੀ ਮੰਨੀ ਅਤੇ ਕਿਹਾ ਕਿ ਉਹ ਸ਼ਰਾਬ ਦੇ ਨਸ਼ੇ 'ਚ ਪਾਗਲ ਹੋ ਗਿਆ ਸੀ ਤੇ ਅਜਿਹਾ ਕਦਮ ਚੁੱਕਿਆ। ਉਸ ਦੀ ਧੀ ਨੇ ਰੋਂਦੀ ਹੋਈ ਕਿਹਾ ਕਿ ਕਾਸ਼ ਉਸ ਦਿਨ ਉਸ ਦੀ ਮਾਂ ਤੇ ਨਾਨੀ ਦੀ ਮੌਤ ਨਾ ਹੁੰਦੀ ਸਗੋਂ ਉਹ ਮਰ ਜਾਂਦੀ ਤਾਂ ਕਿ ਉਸ ਨੂੰ ਇਹ ਦੁੱਖ ਨਾ ਝੱਲਣਾ ਪੈਂਦਾ।


Related News