ਨਿਊਜ਼ੀਲੈਂਡ 'ਚ “ਪੰਜਾਬੀ ਫੋਕ ਫੈਸਟੀਵਲ”, ਸਜੇਗਾ ਪੰਜਾਬ ਦੇ ਯੂਥ ਫੈਸਟੀਵਲਾਂ ਵਾਲਾ ਮਾਹੌਲ

08/01/2022 6:21:20 PM

ਆਕਲੈਂਡ (ਹਰਮੀਕ ਸਿੰਘ): ਪੰਜਾਬੀ ਦੁਨੀਆ ਭਰ ‘ਚ ਜਿਥੇ ਵੀ ਗਏ ਹਨ ਆਪਣੀ ਬੋਲੀ, ਆਪਣਾ ਪਹਿਰਾਵਾ, ਆਪਣਾ ਖਾਣ-ਪੀਣ ਅਤੇ ਆਪਣੇ ਲੋਕ ਗੀਤ ਅਤੇ ਲੋਕ ਨਾਚ ਵੀ ਨਾਲ ਹੀ ਲੈ ਕੇ ਗਏ ਹਨ। ਜਿਥੇ ਪੰਜਾਬੀਆਂ ਨੇ ਵਿਦੇਸ਼ਾਂ ‘ਚ ਰਹਿੰਦਿਆਂ ਵੀ ਪੰਜਾਬ ਦੇ ਬੋਲੀ, ਲੋਕ ਗੀਤਾਂ ਅਤੇ ਲੋਕ ਨਾਚਾਂ ਨੂੰ ਕਦੇ ਵੀ ਮਨੋ ਨਹੀ ਵਿਸਾਰਿਆ, ਉਥੇ ਹੀ ਆਪਣੀ ਅਗਲੀ ਪੀੜ੍ਹੀ ਨੂੰ ਵੀ ਇਹਨਾਂ ਨਾਲ ਜੋੜ ਰਹੇ ਹਨ। ਇਸੇ ਹੀ ਕੋਸ਼ਿਸ਼ ਦੇ ਮੱਦੇਨਜ਼ਰ ਆਕਲੈਂਡ ਦੀ ਮਿਆਰੀ ਭੰਗੜਾ ਸਿੱਖਲਾਈ ਅਕੈਡਮੀ “ਪੰਜਾਬੀ ਹੈਰੀਟੇਜ਼ ਡਾਂਸ ਅਕੈਡਮੀ” 21 ਅਗਸਤ ਨੂੰ ਬੀ.ਐਨ.ਜੈੱਡ ਥਿਏਥਟਰ, ਮੈਨੂੰਕਾਉ ਵਿਖੇ “ਪੰਜਾਬੀ ਫੋਕ ਫੈਸਟੀਵਲ” ਕਰਵਾਉਣ ਜਾ ਰਹੀ ਹੈ। 

ਜਗ ਬਾਣੀ ਨਾਲ ਗੱਲਬਾਤ ਕਰਦਿਆਂ ਇਸ ਅਕੈਡਮੀ ਦੇ ਮੁੱਖ ਕੋਚ ਸ. ਗੁਰਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਉਹਨਾਂ ਦਾ ਲੰਮੇ ਸਮੇਂ ਤੋ ਇਹ ਸੁਪਨਾ ਸੀ ਕਿ ਨਿਊਜ਼ੀਲੈਂਡ ਵਿੱਚ ਵੀ ਪੰਜਾਬ ਦੇ ਯੂਥ ਫੈਸਟੀਵਲ ਦੀ ਤਰਜ਼ 'ਤੇ ਇਸ ਤਰ੍ਹਾਂ ਦਾ ਪ੍ਰੋਗਰਾਮ ਉਲੀਕੀਆ ਜਾਵੇ, ਜਿਸ ਵਿੱਚ ਨਿਊਜ਼ੀਲੈਂਡ ਦਾ ਲੋਕਲ ਕੀਵੀ ਪੰਜਾਬੀ ਯੂਥ ਪੰਜਾਬੀ ਲੋਕ ਨਾਚਾਂ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕਰੇ। ਇਹ ਈਵੇਂਟ ਸ਼ਾਮ 3:30 ਤੋਂ ਸ਼ੁਰੂ ਹੋਵੇਗਾ ਅਤੇ ਇਸ ਵਿੱਚ ਪੂਰੇ ਨਿਊਜ਼ੀਲੈਂਡ 12 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਹਨਾਂ ਵਿੱਚ ਭੰਗੜਾਂ , ਗਿੱਧਾ, ਝੂਮਰ, ਮਲਵਈ ਗਿੱਧਾ, ਜੁਗਨੀ, ਧਮਾਲ, ਜਿਦੂੰਆ, ਫੋਕ ਆਰਕੈਸਟਰਾ, ਕਵਿਸ਼ਰੀ ਆਦਿ ਰੰਗ ਵੇਖਣ ਨੂੰ ਮਿਲਣਗੇ। 

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ : ਮਾਲਵਾ ਕਲੱਬ ਵੱਲੋਂ “ਫੁਲਕਾਰੀ ਨਾਇਟ” ਆਉਂਦੀ 3 ਸਤੰਬਰ ਨੂੰ  

ਗੁਰਪ੍ਰੀਤ ਸੈਣੀ ਅਤੇ ਉਹਨਾਂ ਦੀ ਧਰਮ ਪਤਨੀ ਰੀਤ ਕੌਰ ਸੈਣੀ ਲੰਮੇ ਸਮੇਂ ਤੋਂ ਆਕਲੈਂਡ ਦੇ ਵੱਖ-ਵੱਖ ਇਲਾਕਿਆਂ ‘ਚ ਆਪਣੀ ਅਕੈਡਮੀ ਰਾਹੀਂ ਲੋਕ ਨਾਚਾਂ ਦੀ ਟਰੇਨਿੰਗ ਦਿੰਦੇ ਆ ਰਹੇ ਹਨ ਅਤੇ ਹੁਣ ਤੱਕ ਸੈਂਕੜੇ ਹੀ ਨਿਊਜ਼ੀਲੈਂਡ ਦੇ ਜੰਮੇ ਪਲੇ ਪੰਜਾਬੀ ਬੱਚਿਆਂ ਨੂੰ ਪੰਜਾਬੀ ਲੋਕ ਨਾਚਾਂ ਦੇ ਗੁਰ ਸਿੱਖਾ ਚੁੱਕੇ ਹਨ। ਗੁਰਪ੍ਰੀਤ ਸੈਣੀ ਹੋਰੀਂ ਖੁਦ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯੂਨੀਵਰਸਿਟੀ ਦੀ ਭੰਗੜਾ ਟੀਮ ਦੇ ਮੈਂਬਰ ਰਹਿੰਦਿਆਂ ਅਨੇਕਾਂ ਹੀ ਭੰਗੜਾ ਮੁਕਾਬਲਿਆ ‘ਚ ਹਿੱਸਾ ਲੈ ਚੁੱਕੇ ਹਨ।

Vandana

This news is Content Editor Vandana