ਕੈਨੇਡਾ 'ਚ 'ਪੰਜਾਬੀ ਫਾਈਟ' : ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਕੀਤੀ ਜਾਂਚ ਸ਼ੁਰੂ

12/15/2017 12:15:36 AM

ਬਰੈਂਪਟਨ— ਬਰੈਂਪਟਨ ਵਿਖੇ ਬੀਤੇ ਦਿਨੀਂ ਪੰਜਾਬੀ ਨੌਜਵਾਨਾਂ ਦਰਮਿਆਨ ਡਾਂਗਾਂ ਖੜਕਣ ਦੇ ਮਾਮਲੇ 'ਚ ਪੀਲ ਰੀਜਨਲ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦੀ ਤਰਜਮਾਨ ਕਾਂਸਟੇਬਲ ਲੌਰੀ ਮਰਫੀ ਨੇ ਦੱਸਿਆ ਕਿ ਮੈਕਲਾਫਲਿਨ ਰੋਡ ਤੇ ਸਵੀਲਜ਼ ਐਵੇਨਿਊ ਵਿਖੇ ਹੋਈ ਵਾਰਦਾਤ 'ਚ 19 ਸਾਲ ਦਾ ਇਕ ਨੌਜਵਾਨ ਜ਼ਖਮੀ ਹੋਇਆ ਸੀ, ਜਿਸ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਫਿਲਹਾਲ ਇਸ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਤੇ ਪੁਲਸ ਗਵਾਹਾਂ ਦੇ ਅੱਗੇ ਆਉਣ ਦੀ ਉਡੀਕ ਕਰ ਰਹੀ ਹੈ ਤਾਂ ਕਿ ਇਸ ਘਟਨਾ ਲਈ ਜ਼ਿੰਮੇਦਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ। ਮਰਫੀ ਨੇ ਕਿਹਾ ਕਿ ਵਾਰਦਾਤ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਵਾਲਾ ਵਿਅਕਤੀ ਅੱਗੇ ਆ ਕੇ ਗਵਾਹੀ ਦੇਵੇਗਾ ਜਾਂ ਨਹੀਂ ਇਸ ਬਾਰੇ ਅਜੇ ਕੁਝ ਵੀ ਕਹਿਣਾ ਅਜੇ ਮੁਸ਼ਕਲ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰ ਕਿਸੇ ਨੇ ਇਸ ਘਟਨਾ ਦੀ ਨਿਖੇਦੀ ਕੀਤੀ ਹੈ। 
ਇਸ ਘਟਨਾ ਬਾਰੇ ਰਾਹਗੀਰਾਂ ਨੇ ਤੁਰੰਤ ਪੁਲਸ ਨੂੰ ਫੋਨ ਕਰ ਦਿੱਤਾ ਸੀ ਪਰ ਪੁਲਸ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਨੌਜਵਾਨ ਉਥੋਂ ਚਲੇ ਗਏ। ਪੁਲਸ ਨੇ ਕਿਹਾ ਕਿ ਜੇਕਰ ਕਿਸੇ ਕੋਲ ਇਸ ਘਟਨਾ ਦੇ ਸਬੰਧ 'ਚ ਕੋਈ ਜਾਣਕਾਰੀ ਹੈ ਤਾਂ ਉਹ ਪੁਲਸ ਨਾਲ ਸੰਪਰਕ ਕਰਨ।