ਪੰਜਾਬਣ ਮੁਟਿਆਰ ਰੁਪਿੰਦਰ ਸੰਧੂ ਵਿਖਾਏਗੀ ਪੈਰਿਸ 'ਚ ਕੁਸ਼ਤੀ ਦੇ ਜੌਹਰ

08/15/2017 6:18:52 AM

ਮੈਲਬੋਰਨ (ਮਨਦੀਪ ਸਿੰਘ ਸੈਣੀ)— ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ 21 ਤੋਂ 26 ਅਗਸਤ ਤੱਕ ਹੋਣ ਵਾਲੀ ਵਿਸ਼ਵ ਪੱਧਰੀ ਕੁਸ਼ਤੀ ਮੁਕਾਬਲਿਆਂ ਦੇ 48 ਕਿਲੋਗ੍ਰਾਮ ਭਾਰ ਵਰਗ ਵਿੱਚ ਮੈਲਬੋਰਨ ਦੀ ਰੁਪਿੰਦਰ ਸੰਧੂ ਆਪਣੀ ਖੇਡ ਦਾ ਲੋਹਾ ਮਨਵਾਉਣ ਜਾ ਰਹੀ ਹੈ। ਰੁਪਿੰਦਰ ਦੀ ਚੋਣ ਮਈ ਮਹੀਨੇ ਸਿਡਨੀ ਵਿਖੇ ਹੋਏ ਕੌਮੀ ਪੱਧਰ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਸੋਨ ਤਗਮਾ ਜਿੱਤਣ ਤੋਂ ਉਪਰੰਤ ਹੋਈ ਹੈ। ਇਸ ਵਿਸ਼ਵ ਪੱਧਰੀ ਮੁਕਾਬਲੇ ਵਿੱਚ ਔਰਤਾਂ ਅਤੇ ਮਰਦਾਂ ਦਾ 8 ਮੈਂਬਰੀ ਦਲ ਹਿੱਸਾ ਲੈਣ ਜਾ ਰਿਹਾ ਹੈ ਅਤੇ ਰੁਪਿੰਦਰ ਸੰਧੂ ਇਸ ਖੇਡ ਦਲ ਵਿੱਚ ਆਸਟ੍ਰੇਲੀਆ ਦੀ ਪ੍ਰਤੀਨਿਧਤਾ ਕਰਨ ਵਾਲੀ ਪਹਿਲੀ ਪੰਜਾਬਣ ਹੈ।
ਇਸ ਪ੍ਰਾਪਤੀ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਰੁਪਿੰਦਰ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਦੱਸਿਆਂ ਕਿ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਆਸਟ੍ਰੇਲੀਆਈ ਕੁਸ਼ਤੀ ਫੈਡਰੇਸ਼ਨ ਨੇ ਮੇਰਾ ਖੇਡ ਪ੍ਰਦਰਸ਼ਨ ਵੇਖਦਿਆਂ ਮੈਨੂੰ ਇਸ ਮੁਕਾਬਲੇ ਲਈ ਚੁਣਿਆ ਹੈ। ਉਨ੍ਹਾਂ ਦੱਸਿਆਂ ਕਿ ਇਸ ਚੈਪੀਅਨਸ਼ਿੱਪ ਵਿੱਚ ਹਿੱਸਾ ਲੈਣ ਤੋਂ ਬਾਅਦ ਵਿਸ਼ਵ ਦਰਜਾਬੰਦੀ ਵਿੱਚ ਸਥਾਨ ਹਾਸਿਲ ਕਰਨ ਵਿੱਚ ਮਦਦ ਮਿਲੇਗੀ ਅਤੇ ਇਹ ਤਜਰਬਾ ਅਗਲੇ ਵਰ੍ਹੇ ਆਸਟ੍ਰੇਲੀਆ ਦੇ ਸ਼ਹਿਰ ਗੋਲਡਕੋਸਟ ਵਿੱਚ ਹੋ ਰਹੀਆਂ ਕਾਮਨਵੈੱਲਥ ਖੇਡਾਂ ਵਿੱਚ ਵੀ ਸਹਾਈ ਹੋਵੇਗਾ।
ਜ਼ਿਕਰਯੋਗ ਹੈ ਕਿ ਰੁਪਿੰਦਰ ਸਾਲ 2014 ਦੌਰਾਨ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਹੋਈਆਂ ਕਾਮਨਵੈੱਲਥ ਖੇਡਾਂ ਦੌਰਾਨ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਜ਼ਿਲਾ ਤਰਨਤਾਰਨ ਦੇ ਪਿੰਡ ਹਰੀਕੇ ਪੱਤਣ ਨਾਲ ਸੰਬੰਧਿਤ ਰੁਪਿੰਦਰ ਸੰਧੂ ਨੂੰ ਇਸ ਪ੍ਰਾਪਤੀ ਅਤੇ ਪੰਜਾਬੀ ਭਾਈਚਾਰੇ ਵੱਲੋਂ ਵਿਸ਼ੇਸ਼ ਰੂਪ ਵਿੱਚ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।