ਪੰਜਾਬ ’ਚ ਮੁੱਖ ਮੰਤਰੀ ਦੀ ਚੋਣ : ਇਮਰਾਨ ਖ਼ਾਨ ਨੇ ਲੋਕ ਰਾਏ ’ਚ ਧਾਂਦਲੀ ’ਤੇ ‘ਸ਼੍ਰੀਲੰਕਾ ਵਰਗੇ ਸੰਕਟ’ ਦੀ ਦਿੱਤੀ ਚਿਤਾਵਨੀ

07/22/2022 5:50:55 PM

ਲਾਹੌਰ (ਭਾਸ਼ਾ)– ਪਾਕਿਸਤਾਨ ਦੇ ਪੰਜਾਬ ਸੂਬੇ ’ਚ ਸ਼ੁੱਕਰਵਾਰ ਨੂੰ ਹੋਣ ਵਾਲੀਆਂ ਮੁੱਖ ਮੰਤਰੀ ਚੋਣਾਂ ਵਿਚਾਲੇ ਸੱਤਾ ਤੋਂ ਬੇਦਖ਼ਲ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੂਬੇ ਦੀ ਪ੍ਰਸ਼ਾਸਨਿਕ ਪ੍ਰਣਾਲੀ ਦੀ ਵਰਤੋਂ ਲੋਕ ਰਾਏ ’ਚ ਧਾਂਦਲੀ ਕਰਨ ਲਈ ਕੀਤੀ ਗਈ ਤਾਂ ਇਹ ਦੇਸ਼ ਨੂੰ ‘ਸ਼੍ਰੀਲੰਕਾ ਵਰਗੇ ਸੰਕਟ’ ਵੱਲ ਲਿਜਾਵੇਗੀ।

ਸੱਤਾਧਾਰੀ ਗਠਜੋੜ ਵਲੋਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਪੁੱਤਰ ਹਮਜ਼ਾ ਸ਼ਹਿਬਾਜ਼ ਮੁੱਖ ਮੰਤਰੀ ਉਮੀਦਵਾਰ ਹਨ, ਜਦਕਿ ਇਮਰਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਵਲੋਂ ਚੌਧਰੀ ਪਰਵੇਜ਼ ਇਲਾਹੀ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਹਨ। 368 ਮੈਂਬਰੀ ਪੰਜਾਬ ਵਿਧਾਨ ਸਭਾ ’ਚ ਫਿਲਹਾਲ ਵਿਰੋਧੀ ਧਿਰਾਂ ਦੇ ਗਠਜੋੜ ਪੀ. ਟੀ. ਆਈ. ਤੇ ਪਾਕਿਸਤਾਨ ਮੁਸਲਿਮ ਲੀਗ (ਕਾਇਦੇ ਆਜ਼ਮ) ਦੇ 187 ਵਿਧਾਇਕ ਹਨ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਸੱਤਾਧਾਰੀ ਗਠਜੋੜ ਦੇ 179 ਵਿਧਾਇਕ ਹਨ।

ਇਹ ਖ਼ਬਰ ਵੀ ਪੜ੍ਹੋ : ਪਾਕਿ : PoK 'ਚ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗੋਲੀਬਾਰੀ, ਕਈ ਜ਼ਖਮੀ (ਤਸਵੀਰਾਂ)

ਜੇਕਰ ਕੁਝ ਵਿਰੋਧੀ ਐੱਮ. ਪੀਜ਼ ਦਾ ਰੁਖ਼ ਨਹੀਂ ਬਦਲਿਆ ਤੇ ਉਹ ਸੱਤਾਧਾਰੀ ਗਠਜੋੜ ’ਚ ਸ਼ਾਮਲ ਨਹੀਂ ਹੋਏ ਤਾਂ ਮੌਜੂਦਾ ਮੁੱਖ ਮੰਤਰੀ ਹਮਜ਼ਾ ਦੀ ਕੁਰਸੀ ਜਾਣੀ ਤੈਅ ਹੈ। ਲੰਘੀ ਅਪ੍ਰੈਲ ’ਚ ਸੂਬੇ ਦੇ ਚੋਟੀ ਦੇ ਅਹੁਦੇ ਲਈ ਚੋਣ ’ਚ ਪੀ. ਟੀ. ਆਈ. ਦੇ 25 ਵਿਧਾਇਕਾਂ ਨੂੰ ਹਮਜ਼ਾ ਸ਼ਹਿਬਾਜ਼ ਨੂੰ ਵੋਟ ਦੇਣ ਲਈ ਅਯੋਗ ਐਲਾਨੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਨੇ 22 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਚੋਣ ਦਾ ਹੁਕਮ ਦਿੱਤਾ ਸੀ। ਪੀ. ਟੀ. ਆਈ. ਨੇ 17 ਜੁਲਾਈ ਨੂੰ 20 ਸੀਟਾਂ ’ਤੇ ਹੋਈਆਂ ਉਪ ਚੋਣਾਂ ’ਚ ਜਿੱਤ ਤੋਂ ਬਾਅਦ ਵਿਧਾਨ ਸਭਾ ’ਚ ਬਹੁਮਤ ਹਾਸਲ ਕੀਤੀ ਸੀ।

ਅਦਾਲਤ ਨੇ ਉਪ ਵਿਧਾਨ ਸਭਾ ਪ੍ਰਧਾਨ ਨੂੰ ਆਜ਼ਾਦ ਤੇ ਨਿਰਪੱਖ ਚੋਣ ਯਕੀਨੀ ਕਰਨ ਦਾ ਹੁਕਮ ਦਿੱਤਾ ਹੈ। ਇਮਰਾਨ ਨੇ ਸਰਕਾਰ ’ਤੇ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਇਮਰਾਨ ਨੇ ਚਿਤਾਵਨੀ ਦਿੰਦਿਆਂ ਕਿਹਾ, ‘‘ਜੇਕਰ ਸੂਬਾ ਮਸ਼ੀਨਰੀ ਦੀ ਵਰਤੋਂ ਲੋਕ ਰਾਏ ਨੂੰ ਗੁੰਮਰਾਹ ਕਰਨ ਲਈ ਕੀਤੀ ਗਈ ਤਾਂ ਲੋਕਾਂ ਦੀ ਪ੍ਰਤੀਕਿਰਿਆ ਪਾਕਿਸਤਾਨ ਨੂੰ ‘ਸ਼੍ਰੀਲੰਕਾ ਵਰਗੇ ਸੰਕਟ’ ਵੱਲ ਲਿਜਾਵੇਗੀ। ਇਸ ਹਾਲਾਤ ’ਚ ਮੈਂ ਲੋਕਾਂ ਨੂੰ ਕੰਟਰੋਲ ਕਰਨ ’ਚ ਸਮਰੱਥ ਨਹੀਂ ਰਹਾਂਗਾ।’’ ਜਿੱਤ ਦੀ ਸਥਿਤੀ ’ਚ ਪੀ. ਟੀ. ਆਈ. ਮੁਖੀ ਇਮਰਾਨ ਕੋਲ ਵੱਡਾ ਮੌਕਾ ਹੋਵੇਗਾ ਕਿ ਉਹ ਸਰਕਾਰ ’ਤੇ ਨਵੇਂ ਸਿਰੇ ਤੋਂ ਚੋਣ ਕਰਵਾਉਣ ਲਈ ਦਬਾਅ ਬਣਾ ਸਕਣ। ਪੀ. ਐੱਮ. ਐੱਲ.-ਐੱਨ. ਲਈ ਪੰਜਾਬ ’ਚ ਹਾਰ ਦਾ ਮਤਲਬ ‘ਕੇਂਦਰ ਨੂੰ ਹਾਰਨਾ’ ਹੋਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News