‘ਵਿੱਦਿਆ ਦੇ ਚਾਨਣ ਨਾਲ ਪੰਜਾਬ ਦੀ ਨੁਹਾਰ ਬਦਲੀ ਜਾ ਸਕਦੀ ਹੈ’

09/10/2019 10:18:28 AM

ਫਰਿਜਨੋ, (ਨੀਟਾ ਮਾਛੀਕੇ)— ਪੜ੍ਹਾਓ ਪੰਜਾਬ, ਬਚਾਓ ਪੰਜਾਬ ਮੁਹਿੰਮ ਚਲਾਉਣ ਵਾਲੇ ਗਰੁੱਪ ਦੇ ਮੋਢੀ ਮੈਂਬਰ ਪ੍ਰੋ. ਸੰਤੋਖ ਸਿੰਘ ਔਜਲਾ ਅੱਜ-ਕੱਲ ਆਪਣੀ ਕੈਲੇਫੋਰਨੀਆ ਫੇਰੀ 'ਤੇ ਹਨ। ਇਸੇ  ਕੜੀ ਤਹਿਤ ਉਹ ਸ. ਸੁਰਜੀਤ ਸਿੰਘ ਦੇ ਸੱਦੇ 'ਤੇ ਫਰਿਜ਼ਨੋ ਪਹੁੰਚੇ ਜਿੱਥੇ ਮੈਡੇਟਰਿਨੀਅਨ ਗਰਿੱਲ ਰੈਸਟੋਰੈਂਟ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਵੱਲੋਂ ਗਰੀਬ ਤੇ ਲੋੜਵੰਦ ਬੱਚਿਆਂ ਲਈ ਇੱਕ ਟੀ. ਵੀ. ਸਕੂਲ ਚਲਾਇਆ ਜਾ ਰਿਹਾ ਹੈ। ਇਹ ਟੀ. ਵੀ. ਸਕੂਲ ਕਰੀਬ 40 ਲੱਖ ਘਰਾਂ ਵਿੱਚ ਹਿੰਦੁਸਤਾਨ ਦੀਆਂ ਤਕਰੀਬਨ 7 ਸਟੇਟਾਂ ਵਿੱਚ ਵੇਖਿਆ ਜਾਂਦਾ ਹੈ। ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਸਟੇਟਾਂ ਵਿੱਚ ਕਰੀਬ 4 ਲੱਖ ਬੱਚੇ ਟੀ. ਵੀ. ਸਕੂਲ ਰਾਹੀਂ ਮੁਫ਼ਤ ਟਿਊਸ਼ਨ ਦਾ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਵਿੱਦਿਆ ਦੇ ਚਾਨਣ ਨਾਲ ਪੰਜਾਬ ਦੀ ਨੁਹਾਰ ਬਦਲੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਚੈਨਲ ਨੂੰ ਸ਼ੁਰੂ ਕਰਨ ਦਾ ਮੁੱਖ ਮਕਸਦ ਪੰਜਾਬ ਦੇ ਉਹਨਾਂ ਬੱਚਿਆਂ ਨੂੰ ਇਕ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ, ਜਿਹੜੇ ਮਹਿੰਗੇ ਸਕੂਲ ਦੀਆਂ ਫੀਸਾਂ ਨਹੀਂ ਦੇ ਸਕਦੇ ਅਤੇ ਟਿਊਸ਼ਨ ਦੀ ਫੀਸ ਦੇਣ ਦੇ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਇਸ ਚੈਨਲ ਰਾਹੀਂ ਅਸੀਂ ਸਾਰੇ ਅੰਗਰੇਜ਼ੀ ਅਤੇ ਪੰਜਾਬੀ ਇਕੱਠੀ ਕਰਕੇ ਬੱਚਿਆਂ ਨੂੰ ਬਹੁਤ ਸੌਖੇ ਤਰੀਕੇ ਨਾਲ ਪੜ੍ਹਾਉਂਦੇ ਹਾਂ । ਬੱਚਿਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਇਸ ਸਮੇਂ ਸਾਨੂੰ ਕੋਈ ਫੰਡਿਗ ਵਗੈਰਾ ਨਹੀਂ ਹੋ ਰਹੀ ਅਸੀਂ ਗਰੁੱਪ ਦੇ ਤੌਰ 'ਤੇ ਇਹ ਟੀਵੀ ਸਕੂਲ ਚਲਾ ਰਹੇ ਹਾਂ।