PHE ਦੀ ਚੇਤਾਵਨੀ, 3 ਸਾਲ ਤੋਂ ਛੋਟੇ ਬੱਚੇ ਨੂੰ ਮਾਸਕ ਪਾਉਣਾ ਹੋ ਸਕਦਾ ਹੈ ਖਤਰਨਾਕ

07/28/2020 6:21:48 PM

ਲੰਡਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾਵਾਇਰਸ ਮਹਾਮਾਰੀ ਤੋਂ ਬਚਾਅ ਲਈ ਮਾਸਕ ਪਾਉਣਾ ਸਭ ਤੋਂ ਕਾਰਗਰ ਢੰਗ ਮੰਨਿਆ ਜਾ ਰਿਹਾ ਹੈ। ਉੱਥੇ ਦੂਜੇ ਪਾਸੇ ਬ੍ਰਿਟੇਨ ਦੀ ਸਿਹਤ ਸੰਸਥਾ ਪਬਲਿਕ ਹੈਲਥ ਇੰਗਲੈਂਡ (ਪੀ.ਐੱਚ.ਈ.) ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਸਕ ਨਾ ਪਾਉਣ ਅਤੇ ਨਾ ਹੀ ਉਹਨਾਂ ਦਾ ਚਿਹਰਾ ਢਕਣ। ਪੀ.ਐੱਚ.ਈ. ਨੇ ਕਿਹਾ ਕਿ 3 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਮੂੰਹ 'ਤੇ ਰੁਮਾਲ ਜਾਂ ਕੱਪੜਾ ਬੰਨ੍ਹਣਾ ਖਤਰਨਾਕ ਹੋ ਸਕਦਾ ਹੈ। ਪੀ.ਐੱਚ.ਈ. ਵਿਚ ਚੀਫ ਨਰਸ ਪ੍ਰੋਫੈਸਰ ਵਿਵ ਬੇਨੇਟ ਦਾ ਕਹਿਣਾ ਹੈ ਕਿ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਸਕ ਪਾਉਣ ਨਾਲ ਉਹਨਾਂ ਦਾ ਸਾਹ ਘੁਟ ਸਕਦਾ ਹੈ। ਸਾਹ ਲੈਣ ਵਿਚ ਤਕਲੀਫ ਹੋਣ ਨਾਲ ਉਹਨਾਂ ਦੀ ਜਾਨ ਖਤਰੇ ਵਿਚ ਪੈ ਸਕਦੀ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸਾਹ ਨਲੀ ਨਾਜੁਕ ਹੁੰਦੀ ਹੈ। ਮਾਸਕ ਨਾਲ ਉਹਨਾਂ ਨੂੰ ਸਾਹ ਲੈਣ ਅਤੇ ਛੱਡਣ ਵਿਚ ਤਕਲੀਫ ਹੋ ਸਕਦੀ ਹੈ। ਇਸ ਨਾਲ ਉਹਨਾਂ ਦਾ ਦਮ ਘੁੱਟ ਸਕਦਾ ਹੈ ਜਾਂ ਸਾਹ ਸਬੰਧੀ ਤਕਲੀਫ ਹੋ ਸਕਦੀ ਹੈ। ਨੈਸ਼ਨਲ ਹੈਲਥ ਸਰਵਿਸ ਦਾ ਕਹਿਣਾ ਹੈਕਿ ਜਿਹੜੇ ਬੱਚੇ ਮੂੰਹ ਅਤੇ ਨੱਕ ਦੋਹਾਂ ਜ਼ਰੀਏ ਸਾਹ ਲੈਂਦੇ ਹਨ। ਉਹਨਾਂ ਦੇ ਲਈ ਤਕਲੀਫ ਹੋਰ ਵੱਧ ਸਕਦੀ ਹੈ। ਅਜਿਹੀ ਸਥਿਤੀ ਵਿਚ ਛੋਟੇ ਬੱਚਿਆਂ ਨੂੰ ਮਾਸਕ ਪਾਉਣ ਤੋਂ ਬਚਣਾ ਹੋਵੇਗਾ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਾਰਨ ਗਈ ਨੌਕਰੀ, 600 ਜਗ੍ਹਾ ਅਪਲਾਈ ਕਰਨ 'ਤੇ ਵੀ ਬੀਬੀ ਹੱਥ ਲੱਗੀ ਨਿਰਾਸ਼ਾ

ਬ੍ਰਿਟੇਨ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜੇ ਬੱਚੇ ਮਾਸਕ ਖੁਦ ਨਾ ਉਤਾਰ ਪਾਉਣ, ਉਹਨਾਂ ਨੂੰ ਕਿਸੇ ਵੀ ਹਾਲਤ ਵਿਚ ਮਾਸਕ ਨਾ ਪਾਓ। ਇਕ ਵਿਅਕਤੀ ਜਦੋਂ ਲਗਾਤਾਰ ਮਾਸਕ ਪਾਉਂਦਾ ਹੈ ਤਾਂ ਉਸ ਨੂੰ ਵੀ ਸਾਹ ਲੈਣ ਜਾਂ ਛੱਡਣ ਵਿਚ ਤਕਲੀਫ ਹੁੰਦੀ ਹੈ ਅਤੇ ਰਾਹਤ ਦੇ ਲਈ ਉਹ ਮਾਸਕ ਉਤਾਰ ਸਕਦਾ ਹੈ। ਇਸ ਸਥਿਤੀ ਨੰ ਦੇਖਦੇ ਹੋਏ ਜਿਹੜੇ ਬੱਚੇ ਮਾਸਕ ਖੁਦ ਨਹੀਂ ਉਤਾਰ ਸਕਦੇ ਉਹਨਾਂ ਨੂੰ ਮਾਸਕ ਨਹੀਂ ਪਾਉਣਾ ਚਾਹੀਦਾ। ਸਾਹ ਘੁਟਣ ਜਾਂ ਸਾਹ ਫੁੱਲਣ ਦੀ ਸਥਿਤੀ ਵਿਚ ਉਹ ਮਾਸਕ ਨਹੀਂ ਉਤਾਰ ਪਾਉਣਗੇ ਤਾਂ ਖਤਰਾ ਵੱਧ ਸਕਦਾ ਹੈ। 

ਪੀ.ਐੱਚ.ਈ. ਦੀ ਸਲਾਹ ਮੁਤਾਬਕ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਇਰਸ ਤੋਂ ਬਚਾਉਣ ਲਈ ਘਰ ਵਿਚ ਹੀ ਰੱਖੋ। ਉਹਨਾਂ ਨੂੰ ਘਰੋਂ ਬਾਹਰ ਕੱਢਣ ਦੀ ਲੋੜ ਨਹੀਂ ਹੈ। ਜੇਕਰ ਬੱਚੇ ਵਿਚ ਕੋਰੋਨਾ ਦੇ ਲੱਛਣ ਹਨ ਜਾਂ ਬੀਮਾਰ ਹੈ ਤਾਂ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਬੱਚਿਆਂ ਦੀ ਰੋਗ-ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੁੰਦੀ ਹੈ। ਇਸ ਕਾਰਨ ਉਹਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਐਮਰਜੈਂਸੀ ਸਥਿਤੀ ਵਿਚ ਤੁਰੰਤ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

Vandana

This news is Content Editor Vandana